ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਯੂਕ੍ਰੇਨ ਜੰਗ ਨੂੰ ਜਲਦੀ ਖਤਮ ਕਰਨ ਲਈ ਚੱਲ ਰਹੇ ਯਤਨਾਂ ’ਤੇ ਸ਼ਨੀਵਾਰ ਵਿਚਾਰ ਵਟਾਂਦਰਾ ਕੀਤਾ। ਨਾਲ ਹੀ ਭਾਰਤ-ਫਰਾਂਸ ਸਬੰਧਾਂ ਦਾ ਉਸਾਰੂ ਮੁਲਾਂਕਣ ਵੀ ਕੀਤਾ। ਦੋਵਾਂ ਨੇਤਾਵਾਂ ਨੇ ਫ਼ੋਨ ’ਤੇ ਗੱਲਬਾਤ ਕੀਤੀ।
ਪਿਛਲੇ ਮਹੀਨੇ ਵ੍ਹਾਈਟ ਹਾਊਸ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਹੋਈ ਗੱਲਬਾਤ ਦੌਰਾਨ ਮੈਕਰੋਨ ਵੀ ਮੌਜੂਦ ਸਨ। ਮੋਦੀ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਮੈਕਰੋਨ ਨਾਲ ਬਹੁਤ ਵਧੀਆ ਗੱਲਬਾਤ ਹੋਈ। ਅਸੀਂ ਵੱਖ-ਵੱਖ ਖੇਤਰਾਂ ’ਚ ਦੁਵੱਲੇ ਸਹਿਯੋਗ ’ਚ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਇਸ ਦਾ ਉਸਾਰੂ ਮੁਲਾਂਕਣ ਕੀਤਾ।
ਉਨ੍ਹਾਂ ਕਿਹਾ ਕਿ ਯੂਕ੍ਰੇਨ ’ਚ ਜਲਦੀ ਹੀ ਟਕਰਾਅ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਸਮੇਤ ਤੌਮਾਂਤਰੀ ਤੇ ਖੇਤਰੀ ਮੁੱਦਿਆਂ ’ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ। ਭਾਰਤ-ਫਰਾਂਸ ਰਣਨੀਤਕ ਭਾਈਵਾਲੀ ਵਿਸ਼ਵ ਸ਼ਾਂਤੀ ਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੀ ਰਹੇਗੀ।
ਇਹ ਪਤਾ ਨਹੀਂ ਲਗ ਸਕਿਆ ਕਿ ਮੋਦੀ-ਮੈਕਰੋਨ ਗੱਲਬਾਤ ਦੌਰਾਨ ਅਮਰੀਕਾ ਦੀ ਟੈਰਿਫ ਨੀਤੀ ਦੇ ਅਸਰ ਬਾਰੇ ਚਰਚਾ ਕੀਤੀ ਗਈ ਜਾਂ ਨਹੀਂ।
Credit : www.jagbani.com