ਇੰਟਰਨੈਸ਼ਨਲ ਡੈਸਕ- ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੰਜਾਬ 'ਚ ਹੜ੍ਹ ਵਾਲੇ ਹਾਲਾਤ ਬਣੇ ਹੋਏ ਹਨ। ਸੂਬੇ ਦੇ ਸਾਰੇ ਜ਼ਿਲ੍ਹੇ ਇਸ ਸਮੇਂ ਭਿਆਨਕ ਸਥਿਤੀ ਨਾਲ ਜੂਝ ਰਹੇ ਹਨ। ਇਸੇ ਦੌਰਾਨ ਸਿੱਖ ਫ਼ੈਡਰੇਸ਼ਨ (ਯੂ.ਐੱਸ.ਏ.) ਨੇ ਹੜ੍ਹਾਂ ਨਾਲ ਤਬਾਹ ਹੋਏ ਪੰਜਾਬ ਦੇ ਲੋਕਾਂ ਦੇ ਲਈ ਤੁਰੰਤ ਰਾਹਤ ਦੇਣ ਦੇ ਲਈ ਇੱਕ ਮਨੁੱਖਤਾਵਾਦੀ ਪਹਿਲਕਦਮੀ ਦਾ ਐਲਾਨ ਕੀਤਾ ਹੈ। ਇਸ ਸੰਕਟ ਦੇ ਦੌਰ ਨੂੰ ਵੇਖਦੇ ਹੋਏ ਫ਼ੈਡਰੇਸ਼ਨ ਨੇ ਪੰਜਾਬ ਨੂੰ ਤੁਰੰਤ ਸਹਾਇਤਾ ਅਤੇ ਮੁੜ ਵਸੇਬੇ ਦੇ ਲਈ 1 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਹੈ।
ਇਸ ਸਮੇਂ ਪੰਜਾਬ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਹਜ਼ਾਰਾਂ ਪਰਿਵਾਰ, ਉਨ੍ਹਾਂ ਦੇ ਘਰ, ਫ਼ਸਲਾਂ, ਪਸ਼ੂ-ਡੰਗਰ ਇਸ ਕਰੋਪੀ ਦੀ ਲਪੇਟ ਵਿੱਚ ਹਨ। 'ਸਰਬਤ ਦਾ ਭਲਾ' ਦੇ ਸਿੱਖ ਸਿਧਾਂਤ 'ਤੇ ਚਲਦੇ ਹੋਏ ਸਿੱਖ ਫ਼ੈਡਰੇਸ਼ਨ (ਯੂ.ਐੱਸ.ਏ.) ਨੇ ਲੋੜ ਦੇ ਸਮੇਂ ਪੀੜਤਾਂ ਦੀ ਸਹਾਇਤਾ ਦੇ ਲਈ ਉੱਤਰੀ ਅਮਰੀਕਾ ਦੇ ਮੈਂਬਰਾਂ ਅਤੇ ਸਮਰਥਕਾਂ ਦੇ ਸਹਿਯੋਗ ਨਾਲ ਇਹ ਧਨ ਰਾਸ਼ੀ ਪੀੜ੍ਹਤਾਂ ਤੱਕ ਪਹੁੰਚਾਉਣ ਦਾ ਐਲਾਨ ਕੀਤਾ ਹੈ।
ਸਿੱਖ ਫ਼ੈਡਰੇਸ਼ਨ (ਯੂ.ਐੱਸ.ਏ.) ਦੇ ਬੁਲਾਰੇ ਭਾਈ ਗੁਰਿੰਦਰਜੀਤ ਸਿੰਘ ਦਾ ਕਹਿਣਾ ਹੈ, “ਪੰਜਾਬ ਵਿੱਚ ਸਾਡੇ ਭੈਣ ਭਰਾ ਅਣਗਿਣਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਸਿੱਖ ਹੋਣ ਦੇ ਨਾਤੇ ਇਹ ਸਾਡਾ ਨੈਤਿਕ ਅਤੇ ਅਧਿਆਤਮਕ ਫ਼ਰਜ਼ ਹੈ ਕਿ ਅਸੀਂ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੀਏ। ਇਹ ਇੱਕ ਕਰੋੜ ਰੁਪਏ ਦਾ ਰਾਹਤ ਫ਼ੰਡ ਅਸੀਂ ਪੀੜਤ ਜ਼ਿੰਦਗੀਆਂ ਨੂੰ ਮੁੜ ਵਸਾਉਣ ਦੇ ਲਈ ਅਤੇ ਉਨ੍ਹਾਂ ਦੀ ਉਮੀਦ ਦੀ ਕਿਰਨ ਨੂੰ ਜਿਉਂਦੇ ਰੱਖਣ ਲਈ ਸਾਡੀ ਸ਼ੁਰੂਆਤੀ ਕੋਸ਼ਿਸ਼ ਹੈ।''
ਉਨ੍ਹਾਂ ਅੱਗੇ ਕਿਹਾ, ''ਅਸੀਂ ਦੁਨੀਆ ਭਰ ਦੇ ਸਿੱਖ ਭਾਈਚਾਰੇ ਅਤੇ ਮਨੁੱਖਤਾ ਪ੍ਰਤੀ ਸੰਜੀਦਾ ਵਿਅਕਤੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੱਧ ਚੜ੍ਹ ਕੇ ਕਿਸੇ ਵੀ ਤਰੀਕੇ ਦੇ ਨਾਲ ਇਨ੍ਹਾਂ ਲੋਕਾਂ ਦੇ ਲਈ ਆਪਣਾ ਯੋਗਦਾਨ ਪਾਉਣ। ਸਿਆਣੇ ਆਖਦੇ ਨੇ ਕਿ ਦੁੱਖ ਵੰਡਿਆ ਦੁੱਖ ਘਟਦੇ ਨੇ ਤੇ ਆਪਾਂ ਸਾਰੇ ਰਲ ਕੇ ਦੁਆ ਕਰਦੇ ਹਨ ਕਿ ਮਨੁੱਖਤਾ ਤੇ ਹਮਦਰਦੀ ਹੱਦਾਂ ਤੇ ਸਰਹੱਦਾਂ ਤੋਂ ਵੀ ਪਾਰ ਹੈ।"
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com