50,000 ਰੁਪਏ ਰਿਸ਼ਵਤ ਲੈਣ ਵਾਲਾ ਸਹਾਇਕ ਸਬ-ਇੰਸਪੈਕਟਰ ਤੇ ਸਿਪਾਹੀ ਗ੍ਰਿਫ਼ਤਾਰ

50,000 ਰੁਪਏ ਰਿਸ਼ਵਤ ਲੈਣ ਵਾਲਾ ਸਹਾਇਕ ਸਬ-ਇੰਸਪੈਕਟਰ ਤੇ ਸਿਪਾਹੀ ਗ੍ਰਿਫ਼ਤਾਰ

ਸੁਲਤਾਨਪੁਰ ਲੋਧੀ, (ਸੋਢੀ, ਧੀਰ, ਧੰਜੂ)- ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਥਾਣਾ ਕਪੂਰਥਲਾ ਵਿਚ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐੱਸ.ਆਈ.) ਰਾਜਵਿੰਦਰ ਸਿੰਘ (691/ਕਪੂਰਥਲਾ) ਤੇ ਸਿਪਾਹੀ ਬਲਤੇਜ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਤੇ ਕਬੂਲ ਕਰਨ ਦੇ ਦੋਸ਼ ਤਹਿਤ ਕਾਬੂ ਕੀਤਾ ਹੈ।

ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫਤਾਰੀਆਂ ਇਕ ਇੰਗਲੈਂਡ ਨਿਵਾਸੀ ਐੱਨ.ਆਰ.ਆਈ. ਮਹਿਲਾ, ਜੋ ਇਸ ਸਮੇਂ ਮੁੰਬਈ ਵਿਚ ਰਹਿੰਦੀ ਹੈ, ਵੱਲੋਂ ਮੁੱਖ ਮੰਤਰੀ ਦੀ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ’ਤੇ ਦਿੱਤੀ ਸ਼ਿਕਾਇਤ ਦੀ ਜਾਂਚ ਦੇ ਆਧਾਰ ’ਤੇ ਕੀਤੀਆਂ ਗਈਆਂ ਹਨ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਅਨੁਸਾਰ ਉਕਤ ਏ. ਐੱਸ. ਆਈ. ਨੇ ਸ਼ਿਕਾਇਤਕਰਤਾ ਦੇ ਐੱਨ.ਆਰ.ਆਈ. ਦੋਸਤ ਦੀ ਪੁਲਸ ਵੱਲੋਂ ਇਕ ਮਾਮਲੇ ਵਿਚ ਗ੍ਰਿਫਤਾਰੀ ਮੌਕੇ ਅਦਾਲਤ ਤੋਂ ਜ਼ਮਾਨਤ ਲੈਣ ’ਚ ਮਦਦ ਕਰਨ ਬਦਲੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਸੀ। ਰਿਸ਼ਵਤ ਦੀ ਰਕਮ ਪ੍ਰਾਪਤ ਕਰਨ ਲਈ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਬੈਂਕ ਦੇ ਏ.ਟੀ.ਐੱਮ. ਤੋਂ ਪੈਸੇ ਕਢਵਾਉਣ ਲਈ ਵੀ ਬਾਹਰ ਭੇਜ ਦਿੱਤਾ ਸੀ।

ਇਸ ਤੋਂ ਬਾਅਦ ਉਕਤ ਪੁਲਸ ਮੁਲਾਜ਼ਮਾਂ ਨੇ ਸ਼ਿਕਾਇਤਕਰਤਾ ਤੋਂ ਅਦਾਲਤੀ ਕਾਰਵਾਈ ਵਿਚ ਉਸ ਦੇ ਸਾਥੀ ਦੀ ਮਦਦ ਕਰਨ ਬਦਲੇ 5 ਹਜ਼ਾਰ ਰੁਪਏ ਹੋਰ ਮੰਗੇ ਸਨ, ਜਿਸ ਦੀ ਉਸ ਨੇ ਰਿਕਾਰਡਿੰਗ ਕਰ ਕੇ ਆਨਲਾਈਨ ਸ਼ਿਕਾਇਤ ਦਰਜ ਕਰਵਾ ਦਿੱਤੀ।

ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਸ਼ਿਕਾਇਤ ਵਿਚ ਲਗਾਏ ਦੋਸ਼ ਸੱਚੇ ਪਾਏ ਗਏ। ਇਸ ਤੋਂ ਬਾਅਦ ਉਕਤ ਦੋਵੇਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਚ ਮੁਕੱਦਮਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਇਸ ਕੇਸ ਦੀ ਹੋਰ ਜਾਂਚ ਜਾਰੀ ਹੈ ਤੇ ਦੋਸ਼ੀਆਂ ਨੂੰ ਕੱਲ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Credit : www.jagbani.com

  • TODAY TOP NEWS