ਗੋਨਿਆਣਾ ਮੰਡੀ: ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਵਿਚ ਬੀਤੇ ਦਿਨਾਂ ਹੋਏ ਧਮਾਕੇ ਨੇ ਨਾ ਸਿਰਫ਼ ਸਥਾਨਕ ਲੋਕਾਂ ਵਿਚ ਖੌਫ ਪੈਦਾ ਕਰ ਦਿੱਤਾ ਹੈ, ਬਲਕਿ ਪੰਜਾਬ ਸਮੇਤ ਮੁਲਕ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਵੀ ਹਾਈ ਅਲਰਟ ’ਤੇ ਲਿਆ ਗਿਆ ਹੈ। ਇਸ ਧਮਾਕੇ ਦੇ ਪਿੱਛੇ ਦੀ ਕਹਾਣੀ ਸਿਰਫ਼ ਇਕ ਹਾਦਸੇ ਤੱਕ ਸੀਮਤ ਨਹੀਂ ਦਿਖਾਈ ਦਿੰਦੀ, ਸਗੋਂ ਇਸ ਦੀਆਂ ਕੜੀਆਂ ਇਹ ਪਾਕਿਸਤਾਨੀ ਦਹਿਸ਼ਤਗਰਦੀ ਸੰਗਠਨਾਂ ਨਾਲ ਜੁੜਦੀਆਂ ਸਾਹਮਣੇ ਆ ਰਹੀਆਂ ਹਨ। ਜੀਦਾ ਦੇ ਨਿਵਾਸੀ ਗੁਰਪ੍ਰੀਤ ਸਿੰਘ, ਜੋ ਖੁਦ ਇਸ ਧਮਾਕੇ ਵਿਚ ਗੰਭੀਰ ਜਖਮੀ ਹੋਇਆ ਅਤੇ ਏਮਜ਼ ਹਸਪਤਾਲ ’ਚ ਇਲਾਜ ਅਧੀਨ ਹੈ, ਉਸਦੇ ਬਾਰੇ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਉਹ ਪਾਕਿਸਤਾਨੀ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਅਤੇ ਉਸ ਦੀ ਜੈਸ਼-ਏ-ਮੁਹੰਮਦ ਵਰਗੀਆਂ ਸੰਸਥਾਵਾਂ ਤੋਂ ਬਹੁਤ ਪ੍ਰਭਾਵਿਤ ਸੀ। ਗੁਰਪ੍ਰੀਤ ਦੇ ਮੋਬਾਇਲ ਫੋਨ ਤੋਂ ਮਿਲੇ ਡਾਟਾ ਨੇ ਜਾਂਚ ਏਜੰਸੀਆਂ ਦੇ ਹੋਸ਼ ਉਡਾ ਦਿੱਤੇ ਹਨ, ਕਿਉਂਕਿ ਉਸ ਵਿਚ ਨਾ ਸਿਰਫ਼ ਮਸੂਦ ਅਜ਼ਹਰ ਦਾ ਸੰਪਰਕ ਨੰਬਰ ਮਿਲਿਆ ਹੈ, ਸਗੋਂ ਪਾਕਿਸਤਾਨ ਦੇ ਹੋਰ ਕਈ ਵੱਡੇ ਦਹਿਸ਼ਤਗਰਦਾਂ ਦੇ ਵੀ ਨੰਬਰ ਦਰਜ ਹਨ। ਇਸ ਦੇ ਨਾਲ ਹੀ ਫ਼ੋਨ ਵਿਚ ਧਮਾਕਾਖੇਜ਼ ਸਮੱਗਰੀ ਤਿਆਰ ਕਰਨ ਦੇ ਫਾਰਮੂਲੇ ਅਤੇ ਅੱਤਵਾਦੀ ਵੀਡੀਓ ਵੀ ਮਿਲੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ! ਲੱਗ ਗਈਆਂ ਮੌਜਾਂ
ਇਹ ਖੁਲਾਸਾ ਹੋਣ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਨਾ ਸਿਰਫ਼ ਉਸ ਦੇ ਮੋਬਾਇਲ ਨੂੰ ਫੌਰੈਂਸਿਕ ਜਾਂਚ ਲਈ ਭੇਜਿਆ ਹੈ ਬਲਕਿ ਉਸ ਦੇ ਅਤੇ ਉਸ ਦੇ ਪਿਤਾ ਜਗਤਾਰ ਸਿੰਘ ਦੇ ਬੈਂਕ ਖਾਤਿਆਂ ਦੀ ਫਰੋਲਾ ਫਰਾਲੀ ਕਰਨ ਦੀ ਤਿਆਰੀ ਵੀ ਪੂਰੀ ਕਰ ਲਈ ਹੈ, ਕਿਉਂਕਿ ਸ਼ੱਕ ਹੈ ਕਿ ਇਸ ਖ਼ਤਰਨਾਕ ਮਿਸ਼ਨ ਲਈ ਗੁਰਪ੍ਰੀਤ ਨੂੰ ਬਾਹਰੋਂ ਫੰਡਿੰਗ ਕੀਤੀ ਗਈ ਹੋ ਸਕਦੀ ਹੈ। ਪੁਲਸ ਦੇ ਸੀਨੀਅਰ ਕਪਤਾਨ ਅਮਨੀਤ ਕੌਂਡਲ ਨੇ ਪੁਸ਼ਟੀ ਕੀਤੀ ਹੈ ਕਿ ਖਾਤਿਆਂ ਦੀ ਜਾਂਚ ਲਈ ਲੋੜੀਂਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਜਦੋਂ ਵੀ ਬੈਂਕਾਂ ਤੋਂ ਪ੍ਰਵਾਨਗੀ ਮਿਲਦੀ ਹੈ ਤਾਂ ਡਿਟੇਲਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ।
ਇਹ ਧਮਾਕਾ ਉਸ ਵੇਲੇ ਹੋਇਆ ਸੀ ਜਦੋਂ ਗੁਰਪ੍ਰੀਤ ਆਪਣੇ ਘਰ ਵਿਚ ਯੂਟਿਊਬ ’ਤੇ ਦੇਖ ਕੇ ਵਿਸਫੋਟਕ ਪਦਾਰਥ ਤਿਆਰ ਕਰ ਰਿਹਾ ਸੀ, ਜਿਸ ਲਈ ਉਸ ਨੇ ਸਮੱਗਰੀ ਆਨਲਾਈਨ ਮੰਗਵਾਈ ਸੀ, ਪਰ ਉਸ ਤੋਂ ਪਹਿਲਾਂ ਹੀ ਧਮਾਕਾ ਹੋ ਗਿਆ। ਇਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਅਤੇ ਡਾਕਟਰਾਂ ਨੂੰ ਉਸ ਦਾ ਹੱਥ ਕੱਟਣਾ ਪਿਆ। ਉਸ ਦਾ ਪਿਤਾ ਵੀ ਧਮਾਕੇ ਦੀ ਲਪੇਟ ਵਿਚ ਆਇਆ ਅਤੇ ਜਖਮੀ ਹੋਇਆ। ਇਸ ਧਮਾਕੇ ਤੋਂ ਬਾਅਦ ਨਾ ਸਿਰਫ਼ ਗੁਰਪ੍ਰੀਤ ਦੇ ਘਰ ਨੂੰ ਪੁਲਸ ਨੇ ਸੀਲ ਕਰ ਦਿੱਤਾ ਹੈ, ਬਲਕਿ ਆਸ-ਪਾਸ ਦੇ ਘਰਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ ਤਾਂ ਜੋ ਜਾਂਚ ਵਿਚ ਕੋਈ ਰੁਕਾਵਟ ਨਾ ਆਵੇ। ਜਲੰਧਰ ਤੋਂ ਆਈ ਬੰਬ ਵਿਰੋਧੀ ਦਸਤਿਆਂ ਦੀ ਟੀਮ ਅਤੇ ਪੰਜਾਬ ਪੁਲਸ ਦੀ ਵਿਸ਼ੇਸ਼ ਫੌਰੈਂਸਿਕ ਟੀਮ ਨੇ ਮੌਕੇ ਦੀ ਜਾਂਚ ਕੀਤੀ ਅਤੇ ਵਿਸਫੋਟਕ ਦੇ ਨਮੂਨੇ ਇਕੱਠੇ ਕੀਤੇ। ਹਾਲਾਂਕਿ ਸ਼ੁਰੂਆਤੀ ਜਾਂਚ ਵਿਚ ਪੁਲਸ ਨੂੰ ਇਸ ਕੋਈ ਵੱਡਾ ਹੱਥ ਨਹੀਂ ਲੱਗਿਆ ਸੀ, ਪਰ ਜਦੋਂ ਤਫਤੀਸ਼ ਦੀ ਗਹਿਰਾਈ ਵਧਾਈ ਗਈ ਤਾਂ ਖ਼ੁਲਾਸਾ ਹੋਇਆ ਕਿ ਇਹ ਧਮਾਕਾ ਦਰਅਸਲ ਗੁਰਪ੍ਰੀਤ ਦੇ ਮਨ ਵਿਚ ਭਰੇ ਗਏ ਅੱਤਵਾਦੀ ਜ਼ਹਿਰ ਦਾ ਨਤੀਜਾ ਸੀ, ਜੋ ਉਸਨੇ ਕਈ ਸਮੇਂ ਤੋਂ ਪਾਕਿਸਤਾਨੀ ਦਹਿਸ਼ਤਗਰਦਾਂ ਦੇ ਵੀਡੀਓ ਦੇਖਦੇ ਹੋਏ ਆਪਣੇ ਅੰਦਰ ਵਸਾ ਲਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਲਈ ਕੇਂਦਰ ਦਾ ਇਕ ਹੋਰ ਅਹਿਮ ਫ਼ੈਸਲਾ! ਜਲਦ ਮਿਲੇਗਾ ਖ਼ਾਸ ਤੋਹਫ਼ਾ
ਪੁਲਸ ਨੂੰ ਇਹ ਵੀ ਲੱਗਦਾ ਹੈ ਕਿ ਧਮਾਕਾ ਹੋਰ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਹੋ ਗਿਆ ਜਿਸ ਕਾਰਨ ਇਕ ਵੱਡਾ ਦਹਿਸ਼ਤਗਰਦੀ ਹਮਲਾ ਟਲ ਗਿਆ। ਧਮਾਕੇ ਦੀ ਜਾਣਕਾਰੀ ਪੁਲਸ ਨੂੰ ਉਸ ਵੇਲੇ ਮਿਲੀ ਜਦੋਂ ਗੁਰਪ੍ਰੀਤ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ, ਜਿਸ ਨਾਲ ਖੁਫੀਆ ਢਾਂਚੇ ਦੀ ਕਾਰਗੁਜ਼ਾਰੀ ’ਤੇ ਕਈ ਗੰਭੀਰ ਸਵਾਲ ਖੜ੍ਹ ਗਏ ਹਨ ਕਿਉਂਕਿ ਇੰਨਾ ਵੱਡਾ ਮਾਮਲਾ ਹੋਣ ਤੋਂ ਪਹਿਲਾਂ ਕੋਈ ਅਗਾਊਂ ਸੁਚਨਾ ਨਾ ਮਿਲਣੀ ਸਿਸਟਮ ਦੀ ਕਮਜ਼ੋਰੀ ਨੂੰ ਬੇਨਕਾਬ ਕਰਦੀ ਹੈ। ਇਸ ਵੇਲੇ ਗੁਰਪ੍ਰੀਤ ਅਤੇ ਉਸਦੇ ਪਿਤਾ ਨੂੰ ਏਮਜ਼ ਵਿੱਚ ਪੁਲਿਸ ਦੀ ਨਿਗਰਾਨੀ ਹੇਠ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਛੁੱਟੀ ਮਿਲਣ ਤੋਂ ਬਾਅਦ ਦੋਹਾਂ ਤੋਂ ਸਖ਼ਤ ਪੁੱਛਗਿੱਛ ਕੀਤੀ ਜਾਵੇਗੀ। ਸ਼ੁਰੂਆਤੀ ਦੌਰ ’ਚ ਗੁਰਪ੍ਰੀਤ ਨੇ ਪੁਲਿਸ ਨੂੰ ਸਿਰਫ਼ ਐਨਾ ਦੱਸਿਆ ਹੈ ਕਿ ਉਹ ਇਸਲਾਮਿਕ ਅੱਤਵਾਦੀਆਂ ਦੇ ਵੀਡੀਓ ਲੰਮੇ ਸਮੇਂ ਤੋਂ ਦੇਖ ਰਿਹਾ ਸੀ ਪਰ ਉਸਦਾ ਅਸਲ ਮਕਸਦ ਕੀ ਸੀ ਅਤੇ ਉਹ ਵਿਸਫੋਟਕ ਕਿਧਰੇ ਲਿਜਾਣ ਵਾਲਾ ਸੀ, ਇਹ ਅਜੇ ਵੀ ਜਾਂਚ ਦਾ ਵਿਸ਼ਾ ਹੈ। ਇਸ ਪੂਰੇ ਮਾਮਲੇ ਦੀ ਗੰਭੀਰਤਾ ਦੇ ਕਾਰਨ ਪੰਜਾਬ ਪੁਲਿਸ, ਐਨਆਈਏ, ਆਈਬੀ ਅਤੇ ਹੋਰ ਖੁਫੀਆ ਏਜੰਸੀਆਂ ਵੀ ਜਾਂਚ ਵਿੱਚ ਸ਼ਾਮਲ ਹੋ ਗਈਆਂ ਹਨ ਅਤੇ ਡੀਜੀਪੀ ਪੰਜਾਬ ਵੱਲੋਂ ਵੀ ਇਸ ਮਾਮਲੇ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਇਹ ਧਮਾਕਾ ਨਾ ਸਿਰਫ਼ ਜੀਦਾ ਪਿੰਡ ਦੇ ਲੋਕਾਂ ਲਈ ਇੱਕ ਵੱਡਾ ਖੌਫ ਬਣ ਗਿਆ ਹੈ ਬਲਕਿ ਇਸ ਨੇ ਮੁੜ ਇਕ ਵਾਰ ਭਾਰਤ ਵਿੱਚ ਸਰਗਰਮ ਦਹਿਸ਼ਤਗਰਦੀ ਤਾਕਤਾਂ ਅਤੇ ਉਨ੍ਹਾਂ ਦੀ ਆਨਲਾਈਨ ਬ੍ਰੇਨਵਾਸ਼ਿੰਗ ਦੇ ਖ਼ਤਰੇ ਨੂੰ ਸਪੱਸ਼ਟ ਕਰ ਦਿੱਤਾ ਹੈ।
- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
Credit : www.jagbani.com