ਮੋਗਾ : ਮੋਗਾ ਜ਼ਿਲ੍ਹੇ ਦੇ ਪਿੰਡ ਚੱਕ ਕੰਨੀਆ ਦਾ ਬੂਟਾ ਨਾਮ ਦਾ ਨੌਜਵਾਨ ਦੇ ਰੂਸ ਤੋਂ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪਰਿਵਾਰ ਵਿਚ ਹਾਹਾਕਾਰ ਮਚ ਗਈ ਹੈ। ਦਰਅਸਲ ਪਿੰਡ ਚੱਕ ਕੰਨੀਆਂ ਦਾ ਇਕ ਨੌਜਵਾਨ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਜਾਣਾ ਚਾਹੁੰਦਾ ਸੀ ਅਤੇ ਉਸਨੇ ਯੂ-ਟਿਊਬ ਰਾਹੀਂ ਦਿੱਲੀ ਦੇ ਏਜੰਟ ਨਾਲ ਗੱਲਬਾਤ ਕੀਤੀ ਜਿਸ ਨੇ ਉਸ ਨੂੰ ਰੂਸ ਭੇਜ ਦਿੱਤਾ। ਇਕ ਸਾਲ ਬਾਅਦ ਇਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿਚ ਮੋਗਾ ਜ਼ਿਲੇ ਦਾ ਨੌਜਵਾਨ ਅਤੇ ਉਸਦੇ ਕੁਝ ਸਾਥੀ ਵੀਡੀਓ ਵਿਚ ਆਪਣੀ ਜਾਨ ਦੇ ਖਤਰੇ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਬਚਾਉਣ ਦੀ ਗੁਹਾਰ ਲਗਾ ਰਹੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਜਾਣਕਾਰੀ ਦਿੰਦੇ ਹੋਏ ਨੌਜਵਾਨ ਬੂਟਾ ਸਿੰਘ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਬੂਟਾ ਸਿੰਘ ਜੋ ਕਿ ਇਕ ਸਾਲ ਪਹਿਲਾਂ ਦਿੱਲੀ ਦੇ ਇਕ ਏਜੰਟ ਨੂੰ ਯੂ-ਟਿਊਬ ਰਾਹੀਂ ਮਿਲਿਆ ਸੀ ਅਤੇ ਉਸ ਨੇ ਸਾਢੇ ਤਿੰਨ ਲੱਖ ਰੁਪਏ ਲੈ ਕੇ ਉਸ ਨੂੰ ਅੱਠ ਦਿਨਾਂ ਵਿਚ ਵੀਜ਼ਾ ਦਵਾ ਕੇ ਰੂਸ ਭੇਜ ਦਿੱਤਾ। ਇਕ ਸਾਲ ਬੀਤਣ ਤੋਂ ਬਾਅਦ ਅਚਾਨਕ ਉਨ੍ਹਾਂ ਨੂੰ ਇਕ ਵੀਡੀਓ ਮਿਲੀ ਹੈ ਜਿਸ ਵਿਚ ਉਨ੍ਹਾਂ ਦੇ ਪੁੱਤਰ ਸਮੇਤ ਕੁਝ ਹੋਰ ਵਿਅਕਤੀਆਂ ਵੱਲੋਂ ਜਾਨ ਬਚਾਉਣ ਦੀ ਗੁਹਾਰ ਲਗਾਈ ਜਾ ਰਹੀ ਹੈ। ਡੂੰਘੀ ਚਿੰਤਾ ਵਿਚ ਡੁੱਬੇ ਪਰਿਵਾਰ ਨੇ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਜਲਦ ਤੋਂ ਜਲਦ ਭਾਰਤ ਲੈ ਕੇ ਆਉਣ ਵਿਚ ਮਦਦ ਕੀਤੀ ਜਾਵੇ।
Credit : www.jagbani.com