ਹੁਣ ਹੁਸ਼ਿਆਰਪੁਰ ਦੇ ਇਸ ਪਿੰਡ ਨੇ ਪ੍ਰਵਾਸੀਆਂ ਖ਼ਿਲਾਫ਼ ਚੁੱਕਿਆ ਵੱਡਾ ਕਦਮ

ਹੁਣ ਹੁਸ਼ਿਆਰਪੁਰ ਦੇ ਇਸ ਪਿੰਡ ਨੇ ਪ੍ਰਵਾਸੀਆਂ ਖ਼ਿਲਾਫ਼ ਚੁੱਕਿਆ ਵੱਡਾ ਕਦਮ

ਟਾਂਡਾ ਉੜਮੁੜ- ਇਕ ਪ੍ਰਵਾਸੀ ਵੱਲੋਂ ਹੁਸ਼ਿਆਰਪੁਰ ਵਿੱਚ 5 ਸਾਲ ਦੇ ਮਾਸੂਮ ਬੱਚੇ ਦਾ ਦਰਿੰਦਗੀ ਨਾਲ ਕਤਲ ਕਰਨ ਦੀ ਵਹਿਸ਼ੀਆਨਾ ਘਟਨਾ ਉਪਰੰਤ ਹਰਸੀ ਪਿੰਡ ਵਿਖੇ ਗ੍ਰਾਮ ਪੰਚਾਇਤ ਨੇ ਜਨਤਕ ਇਕੱਠ ਕੀਤਾ। ਸਰਪੰਚ ਮੱਖਣ ਸਿੰਘ ਦੀ ਅਗਵਾਈ ਵਿੱਚ ਹੋਏ ਇਸ ਆਮ ਇਜਲਾਸ ਦੌਰਾਨ ਸਮੂਹ ਗ੍ਰਾਮ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਮੋਹਤਵਰ ਵਿਅਕਤੀਆਂ ਨੇ ਹਿੱਸਾ ਲਿਆ। ਇਸ ਮੌਕੇ ਸਭ ਤੋਂ ਪਹਿਲਾਂ ਹੁਸ਼ਿਆਰਪੁਰ 'ਚ ਬੇਰਹਿਮੀ ਨਾਲ ਕਤਲ ਕੀਤੇ ਗਏ ਹਰਵੀਰ ਸਿੰਘ ਦੀ ਘਟਨਾ ਸਬੰਧੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਉਸ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਪ੍ਰਵਾਸੀਆਂ ਦੇ ਕਾਰਨ ਵਧ ਰਹੀਆਂ ਅਪਰਾਧਿਕ ਘਟਨਾਵਾਂ ਦੇ ਮੱਦੇਨਜ਼ਰ ਅਹਿਮ ਮਤੇ ਪਾਸ ਕੀਤੇ ਗਏ। ਜਿਸ ਦੌਰਾਨ ਸਮੂਹ ਪਿੰਡ ਵਾਸੀਆਂ ਨੇ ਹਰਵੀਰ ਦੇ ਦੋਸ਼ੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ ਅਤੇ ਉਸ ਦੇ ਸਹਾਇਕ ਨੂੰ ਉਮਰਕੈਦ ਦੀ ਸਜ਼ਾ ਦੇਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਇਹ ਮਤਾ ਪਾਸ ਕੀਤਾ ਕਿ ਜੋ ਵੀ ਪ੍ਰਵਾਸੀ ਪਿੰਡ ਵਿੱਚ ਰਹਿ ਰਿਹਾ ਹੈ, ਉਸ ਦਾ ਆਧਾਰ ਕਾਰਡ ਗ੍ਰਾਮ ਪੰਚਾਇਤ ਕੋਲ ਜਮਾ ਰਹੇਗਾ। ਇਸ ਤੋਂ ਇਲਾਵਾ ਪਿੰਡ 'ਚ ਪ੍ਰਵਾਸੀਆਂ ਦੇ ਨਵੇਂ ਆਧਾਰ ਕਾਰਡ, ਵੋਟਰ ਕਾਰਡ, ਰਾਸ਼ਨ ਕਾਰਡ ਜਾਂ ਆਈ ਕਾਰਡ ਨਹੀਂ ਬਣਾਏ ਜਾਣਗੇ। 

ਜੇਕਰ ਕੋਈ ਵੀ ਪ੍ਰਵਾਸੀ ਪਿੰਡ ਵਿੱਚ ਨਸ਼ਾ ਕਰਕੇ ਆਵੇਗਾ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪਿੰਡ 'ਚ ਮੌਜੂਦ ਮੁੰਡਾ-ਕੁੜੀ ਜੇਕਰ ਆਪਸ ਵਿੱਚ ਵਿਆਹ ਕਰਵਾਉਣਗੇ ਤਾਂ ਉਹ ਪਿੰਡ ਵਿੱਚ ਰਹਿਣ ਦੇ ਯੋਗ ਨਹੀਂ ਹੋਣਗੇ ਅਤੇ ਉਸ ਦਾ ਪਿੰਡ ਵੱਲੋਂ ਸਮਾਜਿਕ ਬਾਈਕਾਟ ਕੀਤਾ ਜਾਵੇਗਾ।  ਆਮ ਇਜਲਾਸ ਦੌਰਾਨ ਜਿੱਥੇ ਪਿੰਡ ਦੀ ਬਿਹਤਰੀ ਵਾਸਤੇ ਵਿਚਾਰ ਬਟਾਂਦਰਾ ਕੀਤਾ ਗਿਆ, ਉੱਥੇ ਹੀ ਕੇਂਦਰ ਸਰਕਾਰ ਕੋਲੋਂ ਜੇਲ੍ਹਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਕਰਨ ਦੀ ਮੰਗ ਵੀ ਕੀਤੀ ਗਈ। ਇਸ ਇਜਲਾਸ ਦੌਰਾਨ ਸਰਪੰਚ ਮੱਖਣ ਸਿੰਘ ਨੇ ਪਹੁੰਚੇ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਪੰਚਾਇਤ ਵੱਲੋਂ ਪਾਸ ਕੀਤੇ ਗਏ ਮਤਿਆਂ ਤੇ ਪਹਿਰਾ ਦੇਣ ਲਈ ਕਿਹਾ। 

 

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

Credit : www.jagbani.com

  • TODAY TOP NEWS