ਮੋਗਾ — ਮੋਗਾ ਦੇ ਪਿੰਡ ਦੁੱਨੇਕੇ ਦੀ ਕੁੜੀ ਪਰਮਜੀਤ ਕੌਰ, ਜੋ ਸੋਸ਼ਲ ਮੀਡੀਆ 'ਤੇ “That Girl” ਵਜੋਂ ਮਸ਼ਹੂਰ ਹੋਈ ਹੈ, ਨੇ ਸਾਬਤ ਕਰ ਦਿੱਤਾ ਹੈ ਕਿ ਟੈਲੇਂਟ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਹੁੰਦੀ, ਬਸ ਆਪਣੀ ਮਿਹਨਤ ਤੇ ਲਗਨ ਨਾਲ ਹਰ ਸੁਪਨਾ ਪੂਰਾ ਕੀਤਾ ਜਾ ਸਕਦਾ ਹੈ। ਪਰਮ ਨੇ ਆਪਣੀ ਖ਼ਾਸ ਆਵਾਜ਼ ਅਤੇ ਗਾਇਕੀ ਦੇ ਜ਼ਰੀਏ ਲੋਕਾਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ।
ਆਮ ਪਰਿਵਾਰ ਦੀ ਧੀ ਨੇ ਕੀਤਾ ਵੱਡਾ ਨਾਮ
ਪਰਮ ਇੱਕ ਆਮ ਪਰਿਵਾਰ ਨਾਲ ਸੰਬੰਧਤ ਹੈ, ਪਰ ਉਸਨੇ ਆਪਣੀ ਮਿਹਨਤ ਅਤੇ ਸੰਗੀਤ ਪ੍ਰਤੀ ਜਜ਼ਬੇ ਨਾਲ ਉਹ ਕੀਤਾ ਜਿਸਦਾ ਸੁਪਨਾ ਕਈ ਲੋਕ ਦੇਖਦੇ ਹਨ। ਉਸਦੀ ਮਿਹਨਤ ਨੂੰ ਦੇਖਦਿਆਂ ਮੋਗਾ ਤੋਂ ਆਪ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਪਰਮ ਨੂੰ ਆਪਣੇ ਘਰ ਬੁਲਾ ਕੇ ਉਸਦਾ ਸਨਮਾਨ ਕੀਤਾ ਤੇ ਹੌਂਸਲਾ ਅਫਜ਼ਾਈ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ, “ਇੱਕ ਆਮ ਪਰਿਵਾਰ ਦੀ ਧੀ ਨੇ ਆਪਣੀ ਮਿਹਨਤ ਨਾਲ ਗਾਇਕੀ ਵਿੱਚ ਜੋ ਮੁਕਾਮ ਹਾਸਿਲ ਕੀਤਾ ਹੈ, ਉਹ ਹਰ ਨੌਜਵਾਨ ਲਈ ਪ੍ਰੇਰਣਾ ਹੈ।”

ਸੋਨੂ ਸੂਦ ਦੀ ਭੈਣ ਵੱਲੋਂ ਵੀ ਸਨਮਾਨ
ਬਾਲੀਵੁੱਡ ਅਦਾਕਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਨੇ ਵੀ ਪਰਮਜੀਤ ਕੌਰ ਦੀ ਪ੍ਰਤਿਭਾ ਦੀ ਕਦਰ ਕਰਦਿਆਂ ਉਸਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਪਰਮ ਵਰਗੀਆਂ ਨੌਜਵਾਨ ਕੁੜੀਆਂ ਪੰਜਾਬ ਦੀ ਅਸਲ ਪਛਾਣ ਹਨ ਜੋ ਆਪਣੀ ਮਿਹਨਤ ਨਾਲ ਸੰਗੀਤ ਦੀ ਦੁਨੀਆ ਵਿੱਚ ਨਾਮ ਰੋਸ਼ਨ ਕਰ ਰਹੀਆਂ ਹਨ।
Credit : www.jagbani.com