ਚੰਡੀਗੜ੍ਹ — ਪੰਜਾਬ ਦੇ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਦੇ ਅਕਾਲ ਚਲਾਣੇ ਤੋਂ ਬਾਅਦ ਸਾਰੇ ਸੂਬੇ ਵਿੱਚ ਦੁੱਖ ਦੀ ਲਹਿਰ ਹੈ। ਇਸ ਦਰਦਨਾਕ ਘੜੀ ‘ਚ ਰਾਜ ਸਭਾ ਮੈਂਬਰ ਡਾ. ਵਿਕਰਮ ਸਾਹਨੀ ਨੇ ਰਾਜਵੀਰ ਦੇ ਪਰਿਵਾਰ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਿਆਂ ਇਕ ਵੱਡਾ ਮਨੁੱਖਤਾ ਭਰਿਆ ਕਦਮ ਚੁੱਕਿਆ ਹੈ।
ਡਾ. ਸਾਹਨੀ ਨੇ ਘੋਸ਼ਣਾ ਕੀਤੀ ਹੈ ਕਿ ਉਹ ਰਾਜਵੀਰ ਜਵੰਦਾ ਦੇ ਇਲਾਜ ਨਾਲ ਸਬੰਧਤ ਸਾਰੇ ਮੈਡੀਕਲ ਖਰਚੇ ਖੁਦ ਝੱਲਣਗੇ। ਉਨ੍ਹਾਂ ਕਿਹਾ ਕਿ, “ਇਹ ਡੂੰਘੇ ਦੁੱਖ ਦੇ ਸਮੇਂ ਇੱਕ ਛੋਟੀ ਜਿਹੀ ਤਸੱਲੀ ਦਾ ਯਤਨ ਹੈ। ਰਾਜਵੀਰ ਜਵੰਦਾ ਸਾਡੇ ਪੰਜਾਬ ਦਾ ਮਾਣ ਸੀ, ਉਸਦੀ ਆਵਾਜ਼ ਨੇ ਹਰ ਪੰਜਾਬੀ ਦੇ ਦਿਲ ਨੂੰ ਛੂਹਿਆ ਹੈ।”
ਡਾ. ਸਾਹਨੀ ਨੇ ਆਪਣੀ ਸ਼ੋਕ ਸੰਵੇਦਨਾ ਵਿੱਚ ਕਿਹਾ ਕਿ, “ਰਾਜਵੀਰ ਜਵੰਦਾ ਵਰਗੇ ਪ੍ਰਤਿਭਾਸ਼ਾਲੀ ਅਤੇ ਆਤਮਿਕ ਗਾਇਕ ਦਾ ਅਚਾਨਕ ਚਲੇ ਜਾਣਾ ਪੰਜਾਬ ਲਈ ਇਕ ਅਪੂਰਣੀ ਖੋਹ ਹੈ। ਉਸਦੀ ਜੋਸ਼ੀਲੀ ਤੇ ਭਾਵਪੂਰਨ ਆਵਾਜ਼, ਗਬਰੂ ਪੰਜਾਬ ਦਾ ਤੋਂ ਲੈ ਕੇ ਮਾਵਾਂ ਤੱਕ ਨੇ ਸਾਡੇ ਨੌਜਵਾਨਾਂ ਦੇ ਜਜ਼ਬੇ ਅਤੇ ਉਰਜਾ ਨੂੰ ਖੂਬਸੂਰਤੀ ਨਾਲ ਪ੍ਰਗਟ ਕੀਤਾ।”
ਉਨ੍ਹਾਂ ਅਰਦਾਸ ਕੀਤੀ ਕਿ ਵਾਹਿਗੁਰੂ ਰਾਜਵੀਰ ਜਵੰਦਾ ਦੀ ਆਤਮਾ ਨੂੰ ਆਪਣੀ ਜੋਤ ਵਿੱਚ ਚਿਰ ਸ਼ਾਂਤੀ ਬਖ਼ਸ਼ੇ ਅਤੇ ਪਰਿਵਾਰ ਨੂੰ ਇਹ ਅਸਹਿਣੀ ਖੋਹ ਸਹਿਣ ਦੀ ਤਾਕਤ ਦੇਵੇ। ਰਾਜਵੀਰ ਜਵੰਦਾ ਦੀ ਸੰਗੀਤਕ ਯਾਤਰਾ ਨੇ ਪੰਜਾਬੀ ਸੰਗੀਤ ਨੂੰ ਨਵਾਂ ਰੰਗ ਅਤੇ ਜੋਸ਼ ਬਖ਼ਸ਼ਿਆ ਸੀ। ਉਸਦੀ ਅਚਾਨਕ ਮੌਤ ਨਾਲ ਸੰਗੀਤ ਜਗਤ ਅਤੇ ਪ੍ਰਸ਼ੰਸਕਾਂ ਵਿੱਚ ਗਹਿਰਾ ਸ਼ੋਕ ਹੈ।
Credit : www.jagbani.com