ਜਗਰਾਓਂ- ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ ਨੂੰ ਮੋਹਾਲੀ ਤੋਂ ਬਾਅਦ ਹੁਣ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਲਿਆਂਦਾ ਗਿਆ ਹੈ। ਪਿੰਡ ਪੋਨਾ ਵਿਖੇ ਹੀ ਰਾਜਵੀਰ ਦਾ ਅੰਤਿਮ ਸੰਸਕਾਰ ਭਲਕੇ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੜਕ ਹਾਦਸੇ ਦਾ ਸ਼ਿਕਾਰ ਹੋਣ ਮਗਰੋਂ ਫੋਰਟਿਸ ਹਸਪਤਾਲ 'ਚ ਇਲਾਜ ਅਧੀਨ ਅੱਜ ਰਾਜਵੀਰ ਜਵੰਦਾ ਦਾ ਦਿਹਾਂਤ ਹੋ ਗਿਆ। ਉਹ ਕਰੀਬ 10 ਦਿਨਾਂ ਤੋਂ ਵੈਂਟੀਲੇਟਰ 'ਤੇ ਸਨ।

ਪਿੰਡ ਪੋਨਾ ਪਹੁੰਚਣ ਤੋਂ ਪਹਿਲਾਂ ਰਾਜਵੀਰ ਦੀ ਮ੍ਰਿਤਕ ਦੇਹ ਨੂੰ ਮੋਹਾਲੀ ਦੇ ਸੈਕਟਰ 71 ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ 'ਅੰਤਿਮ ਦਰਸ਼ਨ' ਲਈ ਰੱਖਿਆ ਗਿਆ ਸੀ ਤਾਂ ਜੋ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਸਾਥੀ ਕਲਾਕਾਰ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇ ਸਕਣ। ਅਦਾਕਾਰ-ਗਾਇਕ ਐਮੀ ਵਿਰਕ ਨੇ ਕਿਹਾ ਕਿ ਜਵੰਦਾ ਦਾ ਅੰਤਿਮ ਸੰਸਕਾਰ ਕੱਲ੍ਹ ਲੁਧਿਆਣਾ ਜ਼ਿਲ੍ਹੇ ਦੇ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ, ਮੋਹਾਲੀ ਪੁਲਸ ਨੇ ਹਸਪਤਾਲ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਕਿਉਂਕਿ ਪ੍ਰਸ਼ੰਸਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋ ਰਹੇ ਹਨ।
ਹਸਪਤਾਲ ਅਧਿਕਾਰੀਆਂ ਨੇ ਦੱਸਿਆ ਕਿ 35 ਸਾਲਾ ਕਲਾਕਾਰ ਨੂੰ ਬੁੱਧਵਾਰ ਸਵੇਰੇ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਨੂੰ ਬਹੁਤ ਹੀ ਗੰਭੀਰ ਹਾਲਤ ਵਿੱਚ ਮੋਹਾਲੀ ਦੇ ਫੋਰਟਿਸ ਹਸਪਤਾਲ ਲਿਆਂਦਾ ਗਿਆ ਸੀ ਅਤੇ ਉਦੋਂ ਤੋਂ ਉਹ ਲਾਈਫ ਸਪੋਰਟ 'ਤੇ ਸਨ। ਦੁਪਹਿਰ 12:30 ਵਜੇ ਦੇ ਕਰੀਬ ਜਾਰੀ ਕੀਤੇ ਗਏ ਇਕ ਅਧਿਕਾਰਤ ਬਿਆਨ ਵਿੱਚ ਫੋਰਟਿਸ ਹਸਪਤਾਲ ਨੇ ਪੁਸ਼ਟੀ ਕੀਤੀ ਕਿ ਜਵੰਦਾ ਦੀ ਮੌਤ ਮਲਟੀ-ਆਰਗਨ ਫੇਲ੍ਹ ਹੋਣ ਕਾਰਨ ਹੋਈ।
- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
Credit : www.jagbani.com