ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਕੈਲੀਫੋਰਨੀਆ ਦੇ ਓਂਟਾਰੀਓ ਵਿੱਚ ਵੈਸਟਬਾਉਂਡ 10 ਫ੍ਰੀਵੇਅ 'ਤੇ ਮੰਗਲਵਾਰ ਦੁਪਹਿਰ ਨੂੰ ਇੱਕ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਇਕ ਟਰੱਕ ਇਕ ਤੋਂ ਬਾਅਦ ਇਕ ਕਈ ਵਾਹਨਾਂ 'ਚ ਜਾ ਵੱਜਿਆ, ਜਿਸ ਕਾਰਨ ਘੱਟੋ-ਘੱਟ 3 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ, ਜਦਕਿ 4 ਲੋਕ ਹੋਰ ਜ਼ਖ਼ਮੀ ਹੋਏ ਹਨ।
ਕਈ ਵਾਹਨਾਂ ਨੂੰ ਟੱਕਰ ਮਾਰਨ ਵਾਲੇ ਟਰੱਕ ਡਰਾਈਵਰ ਦੀ ਪਛਾਣ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ। ਜਸ਼ਨਪ੍ਰੀਤ ਸਿੰਘ (21) ਉੱਤਰੀ ਕੈਲੀਫੋਰਨੀਆ ਦੇ ਯੂਬਾ ਸਿਟੀ ਦਾ ਨਿਵਾਸੀ ਹੈ, ਜਿਸ ਨੂੰ ਨਸ਼ੇ 'ਚ ਵਾਹਨ ਚਲਾਉਣ ਅਤੇ ਵਾਹਨ ਨਾਲ ਟੱਕਰ ਮਾਰ ਕੇ ਲੋਕਾਂ ਦੀ ਜਾਨ ਲੈਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਉਹ ਡਰੱਗਜ਼ ਦੀ ਡੋਜ਼ ਲੈ ਕੇ ਵਾਹਨ ਚਲਾ ਰਿਹਾ ਸੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ 21 ਸਾਲਾ ਜਸ਼ਨਪ੍ਰੀਤ ਤੇਜ਼ ਰਫ਼ਤਾਰ 'ਚ ਵਾਹਨ ਚਲਾ ਰਿਹਾ ਸੀ ਅਤੇ ਟੱਕਰ ਤੋਂ ਪਹਿਲਾਂ ਬ੍ਰੇਕ ਵੀ ਨਹੀਂ ਲਗਾਈ। ਇਹ ਘਟਨਾ ਉਸ ਦੇ ਸੈਮੀ-ਟਰੱਕ ਦੇ ਡੈਸ਼ਕੈਮ ਵਿੱਚ ਕੈਦ ਹੋ ਗਈ ਸੀ। ਫੁਟੇਜ ਵਿੱਚ ਜਸ਼ਨਪ੍ਰੀਤ ਦਾ ਫਰੇਟਲਾਈਨਰ ਟਰੈਕਟਰ-ਟ੍ਰੇਲਰ ਇੱਕ SUV ਦੇ ਪਿਛਲੇ ਹਿੱਸੇ ਨਾਲ ਟਕਰਾਉਂਦਾ ਅਤੇ ਫਿਰ ਉਸੇ ਲੇਨ ਵਿੱਚ ਕਈ ਵਾਹਨਾਂ ਨੂੰ ਟੱਕਰ ਮਾਰਦਾ ਦਿਖਾਈ ਦਿੰਦਾ ਹੈ।
ਪੀੜਤਾਂ ਵਿੱਚੋਂ ਇੱਕ 54 ਸਾਲਾ ਅਪਲੈਂਡ ਦਾ ਆਦਮੀ ਸੀ, ਜਦੋਂ ਕਿ ਬਾਕੀ ਦੋ ਪੀੜਤ, ਜੋ ਹਾਦਸੇ ਵਿੱਚ ਬੁਰੀ ਤਰ੍ਹਾਂ ਸੜ ਗਏ, ਉਨ੍ਹਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਇਸ ਤੋਂ ਇਲਾਵਾ ਸੂਤਰਾਂ ਨੇ ਇਹ ਵੀ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਇੱਕ ਭਾਰਤੀ ਨਾਗਰਿਕ ਹੈ, ਜੋ 2022 ਵਿੱਚ ਸੰਯੁਕਤ ਰਾਜ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਇਆ ਸੀ।
Credit : www.jagbani.com