ਸੜਕ 'ਤੇ ਘੁੰਮਦੇ ਪਸ਼ੂਆਂ ਕਾਰਣ ਗਈ ਇਕ ਹੋਰ ਜਾਨ! ਚਮਕੌਰ ਸਿੰਘ ਦੀ ਹੋਈ ਦਰਦਨਾਕ ਮੌਤ

ਸੜਕ 'ਤੇ ਘੁੰਮਦੇ ਪਸ਼ੂਆਂ ਕਾਰਣ ਗਈ ਇਕ ਹੋਰ ਜਾਨ! ਚਮਕੌਰ ਸਿੰਘ ਦੀ ਹੋਈ ਦਰਦਨਾਕ ਮੌਤ

ਮਹਿਲ ਕਲਾਂ: ਹਲਕਾ ਮਹਿਲ ਕਲਾਂ ਵਿਚ ਅਵਾਰਾ ਪਸ਼ੂਆਂ ਕਾਰਨ ਵਾਪਰ ਰਹੇ ਹਾਦਸੇ ਹਰ ਰੋਜ਼ ਕਿਸੇ ਨਾ ਕਿਸੇ ਪਰਿਵਾਰ ’ਤੇ ਕਹਿਰ ਬਣ ਕੇ ਟੁੱਟ ਰਹੇ ਹਨ। ਮੁੱਖ ਹਾਈਵੇਅ ਅਤੇ ਲਿੰਕ ਸੜਕਾਂ ਉੱਤੇ ਫਿਰਦੇ ਪਸ਼ੂ ਲੋਕਾਂ ਦੀ ਜਾਨ ਲਈ ਖਤਰਾ ਬਣੇ ਹੋਏ ਹਨ। ਅਜਿਹਾ ਹੀ ਇਕ ਦਰਦਨਾਕ ਹਾਦਸਾ ਕਸਬਾ ਮਹਿਲ ਕਲਾਂ ਤੋਂ ਧਨੇਰ ਵੱਲ ਜਾਣ ਵਾਲੇ ਰਸਤੇ ’ਤੇ ਵਾਪਰਿਆ, ਜਿਸ ਵਿਚ ਪਿੰਡ ਧਨੇਰ ਦਾ ਵਿਅਕਤੀ ਆਪਣੀ ਜਾਨ ਗੁਆ ਬੈਠਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ! ਅੰਮ੍ਰਿਤਸਰ ਦੀ DC ਸਾਕਸ਼ੀ ਸਾਹਨੀ ਦੀ ਵੀ ਹੋਈ ਬਦਲੀ, ਵੇਖੋ LIST

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਚਮਕੌਰ ਸਿੰਘ (60) ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਧਨੇਰ ਵਜੋਂ ਹੋਈ ਹੈ। ਉਹ ਪੇਸ਼ੇ ਨਾਲ ਕੰਬਾਇਨ ਚਾਲਕ ਸੀ ਅਤੇ ਪਿੰਡ ਸਹੋਰ ਵਿਚ ਝੋਨੇ ਦੀ ਫਸਲ ਕੱਟਣ ਗਿਆ ਹੋਇਆ ਸੀ। 20 ਅਕਤੂਬਰ (ਸੋਮਵਾਰ) ਦੀ ਸ਼ਾਮ ਲਗਭਗ 7 ਵਜੇ, ਜਦੋਂ ਉਹ ਆਪਣੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਮਹਿਲ ਕਲਾਂ ਤੋਂ ਵਾਪਸ ਆਪਣੇ ਪਿੰਡ ਧਨੇਰ ਜਾ ਰਿਹਾ ਸੀ, ਤਾਂ ਰੌਸ਼ਨ ਖੇੜਾ ਦੇ ਨੇੜੇ ਇਕ ਅਵਾਰਾ ਪਸ਼ੂ ਅਚਾਨਕ ਸੜਕ ’ਤੇ ਆ ਗਿਆ, ਜਿਸ ਨਾਲ ਉਸ ਦੀ ਮੋਟਰਸਾਈਕਲ ਬੇਕਾਬੂ ਹੋ ਕੇ ਡਿੱਗ ਪਈ। ਚਮਕੌਰ ਸਿੰਘ ਦੇ ਸਿਰ ’ਤੇ ਡੂੰਘੀ ਸੱਟ ਆਈ। ਉਸ ਨੂੰ ਤੁਰੰਤ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ਗੰਭੀਰ ਹਾਲਤ ਵਿਚ ਬਰਨਾਲਾ ਰੈਫਰ ਕਰ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜ਼ੋਰਦਾਰ ਧਮਾਕਾ! ਨੌਜਵਾਨ ਦੀ ਦਰਦਨਾਕ ਮੌਤ; ਹੋਰ ਵੀ ਕਈ ਲੋਕ ਆਏ ਲਪੇਟ 'ਚ

ਉਥੋਂ ਮਰੀਜ਼ ਨੂੰ ਫਰੀਦਕੋਟ ਤੇ ਫਿਰ ਏਮਜ਼ ਰੈਫਰ ਕੀਤਾ ਗਿਆ, ਪਰ ਇਲਾਜ ਦੌਰਾਨ ਉਸ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਮ੍ਰਿਤਕ ਆਪਣੇ ਪਿੱਛੇ ਦੋ ਪੁੱਤਰ ਅਤੇ ਇੱਕ ਧੀ ਨੂੰ ਰੋਦਿਆਂ ਛੱਡ ਗਿਆ ਹੈ। ਇਸ ਘਟਨਾ ਨਾਲ ਪਿੰਡ ਧਨੇਰ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕਾਂ ’ਤੇ ਫਿਰਦੇ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਵੇ, ਤਾਂ ਜੋ ਹੋਰ ਬੇਗੁਨਾਹ ਜਾਨਾਂ ਇਸ ਤਰ੍ਹਾਂ ਦੇ ਹਾਦਸਿਆਂ ਦਾ ਸ਼ਿਕਾਰ ਨਾ ਬਣਨ।

 

Credit : www.jagbani.com

  • TODAY TOP NEWS