ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੰਬਰ ਮਹੀਨੇ ਦੇ ਪਹਿਲੇ ਦਿਨ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ ਮਿਊਂਸੀਪਲ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਅਤੇ ਉਨ੍ਹਾਂ ਨੂੰ ਈਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਕਰਨ ਲਈ ਕਿਹਾ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਤਾਂ ਲੋਕਾਂ ਨੇ ਸਰਕਾਰੀ ਨੌਕਰੀ ਦੀ ਉਮੀਦ ਹੀ ਛੱਡ ਦਿੱਤੀ ਸੀ ਅਤੇ ਨੌਜਵਾਨ ਪੜ੍ਹਾਈ ਕਰਕੇ ਵਿਦੇਸ਼ਾਂ ਨੂੰ ਚਲੇ ਜਾਂਦੇ ਸਨ ਪਰ ਹੁਣ ਪੰਜਾਬ 'ਚ ਨੌਜਵਾਨਾਂ ਨੂੰ ਵੱਡੇ ਪੱਧਰ 'ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਵਾਰ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਜੇ. ਈ. ਮੇਨ, ਜੇ. ਈ. ਐਡਵਾਂਸ, ਨੀਟ ਅਤੇ ਵੱਡੇ-ਵੱਡੇ ਐਗਜ਼ਾਮ ਪਾਸ ਕਰ ਰਹੇ ਹਨ ਪਰ ਪਹਿਲਾਂ ਬੱਚਿਆਂ ਨੂੰ ਮੌਕੇ ਹੀ ਨਹੀਂ ਦਿੱਤੇ ਜਾਂਦੇ ਸਨ।
ਉਨ੍ਹਾਂ ਨੇ ਵਿਰੋਧੀ ਧਿਰਾਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਨ੍ਹਾਂ ਦੇ ਬੱਚਿਆਂ 'ਚ ਲਈ ਟੈਲੈਂਟ ਨਹੀਂ ਹੈ ਅਤੇ ਜੰਮਦਿਆਂ ਨੂੰ ਹੀ ਗੰਨਮੈਨ ਮਿਲ ਜਾਂਦੇ ਹਨ, ਕਦੇ ਉਨ੍ਹਾਂ ਨੇ ਗਰੀਬੀਆਂ-ਦੁਸ਼ਵਾਰੀਆਂ ਦੇਖੀਆਂ ਹੀ ਨਹੀਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ ਅਤੇ ਇਸ ਧਰਤੀ 'ਤੇ ਵੱਡੇ-ਵੱਡੇ ਵਿਦਵਾਨ ਜੰਮੇ ਹੋਏ ਹਨ। 'ਪੰਜਾਬ ਦਿਵਸ' ਬਾਰੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਪੰਜਾਬ ਦਿਵਸ ਹੈ ਅਤੇ ਅੱਜ ਦੇ ਦਿਨ ਪੰਜਾਬ ਹਰਿਆਣਾ ਤੋਂ ਵੱਖਰਾ ਹੋਇਆ ਸੀ।
ਇਸ ਲਈ ਇਸ ਦਿਨ ਦੀ ਕੀ ਖ਼ੁਸ਼ੀ ਮਨਾਈਏ। ਉਨ੍ਹਾਂ ਕਿਹਾ ਕਿ ਪਿਛਲੇ 8-10 ਸਾਲਾਂ ਤੋਂ ਨੌਜਵਾਨਾਂ ਦੀਆਂ ਨੌਕਰੀਆਂ ਰੁਕੀਆਂ ਹੋਈਆਂ ਸਨ ਕਿਉਂਕਿ ਮੁੱਖ ਮੰਤਰੀ ਦੇ ਫਾਈਲ 'ਤੇ ਸਾਈਨ ਹੀ ਨਹੀਂ ਹੁੰਦੇ ਸਨ ਪਰ ਹੁਣ ਉਹ ਸਮਾਂ ਨਹੀਂ ਰਿਹਾ। ਹੁਣ ਨੌਜਵਾਨਾਂ ਨੂੰ ਪੰਜਾਬ 'ਚ ਨੌਕਰੀ ਦੀ ਉਮੀਦ ਬੱਝੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com