ਸਕੂਲੀ ਵੈਨ ਨਾਲ ਵਾਪਰ ਗਿਆ ਭਿਆਨਕ ਹਾਦਸਾ ! 2 ਵਿਦਿਆਰਥਣਾਂ ਦੀ ਮੌਤ, 5 ਹੋਰ ਜ਼ਖ਼ਮੀ

ਸਕੂਲੀ ਵੈਨ ਨਾਲ ਵਾਪਰ ਗਿਆ ਭਿਆਨਕ ਹਾਦਸਾ ! 2 ਵਿਦਿਆਰਥਣਾਂ ਦੀ ਮੌਤ, 5 ਹੋਰ ਜ਼ਖ਼ਮੀ

ਨੈਸ਼ਨਲ ਡੈਸਕ- ਰਾਜਸਥਾਨ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਕੋਟਾ ਤੋਂ ਲਗਭਗ 80 ਕਿਲੋਮੀਟਰ ਦੂਰ ਇਟਾਵਾ ਕਸਬੇ ਨੇੜੇ ਇੱਕ ਨਿੱਜੀ ਸਕੂਲ ਦੀ ਵੈਨ ਅਤੇ ਇੱਕ ਸਪੋਰਟਸ ਯੂਟਿਲਿਟੀ ਵਾਹਨ (ਐੱਸ.ਯੂ.ਵੀ.) ਦੀ ਟੱਕਰ ਹੋ ਗਈ, ਜਿਸ ਕਾਰਨ 2 ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 5 ਹੋਰ ਗੰਭੀਰ ਜ਼ਖਮੀ ਹੋ ਗਏ। 

ਇਟਾਵਾ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀ.ਸੀ.ਪੀ.) ਸ਼ਿਵਮ ਜੋਸ਼ੀ ਨੇ ਦੱਸਿਆ ਕਿ ਹਾਦਸਾ ਸਵੇਰੇ 8 ਵਜੇ ਦੇ ਕਰੀਬ ਵਾਪਰਿਆ ਜਦੋਂ 10 ਤੋਂ 12 ਵਿਦਿਆਰਥੀਆਂ ਨੂੰ ਲੈ ਕੇ ਇੱਕ ਸਕੂਲ ਵੈਨ ਗੈਤਾ ਪਿੰਡ ਤੋਂ ਇਟਾਵਾ ਦੇ ਇੱਕ ਨਿੱਜੀ ਸਕੂਲ ਜਾ ਰਹੀ ਸੀ। ਇਸ ਦੌਰਾਨ ਜਦੋਂ ਵੈਨ ਸ਼ਹਿਰ ਦੇ ਨੇੜੇ ਪਹੁੰਚੀ ਤਾਂ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਵੈਨ ਬੁੰਦੀ ਵੱਲ ਜਾ ਰਹੀ ਇੱਕ ਐੱਸ.ਯੂ.ਵੀ. ਨਾਲ ਟਕਰਾ ਗਈ। 

ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨ ਪਲਟ ਗਏ। ਪੁਲਸ ਅਧਿਕਾਰੀ ਨੇ ਕਿਹਾ ਕਿ ਚਸ਼ਮਦੀਦਾਂ ਨੇ ਦੱਸਿਆ ਕਿ ਟਾਇਰ ਫਟਣ ਕਾਰਨ ਸਕੂਲ ਵੈਨ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਗਈ ਤੇ ਇਹ ਦਰਦਨਾਕ ਹਾਦਸਾ ਵਾਪਰ ਗਿਆ। ਮ੍ਰਿਤਕ ਵਿਦਿਆਰਥੀਆਂ ਦੀ ਪਛਾਣ 15 ਸਾਲਾ ਤਨੂ ਧਾਕੜ ਅਤੇ 8 ਸਾਲਾ ਪਾਰੁਲ ਆਰੀਆ ਵਜੋਂ ਹੋਈ ਹੈ। ਤਨੂ 10ਵੀਂ ਜਮਾਤ ਦੀ ਵਿਦਿਆਰਥਣ ਸੀ, ਜਦਕਿ ਪਾਰੁਲ ਚੌਥੀ ਜਮਾਤ ਦੀ ਵਿਦਿਆਰਥਣ ਸੀ। 

ਪੁਲਸ ਨੇ ਦੱਸਿਆ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋਏ 5 ਵਿਦਿਆਰਥੀਆਂ ਨੂੰ ਕੋਟਾ ਦੇ ਨਿਊ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਿੱਚ ਵੈਨ ਡਰਾਈਵਰ ਅਤੇ ਐੱਸ.ਯੂ.ਵੀ .ਵਿੱਚ ਸਵਾਰ ਇੱਕ ਯਾਤਰੀ ਵੀ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਇਟਾਵਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਐੱਸ.ਯੂ.ਵੀ. ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। 

Credit : www.jagbani.com

  • TODAY TOP NEWS