ਮਲੇਸ਼ੀਆ ਬਣਿਆ UPI ਅਪਣਾਉਣ ਵਾਲਾ 9ਵਾਂ ਦੇਸ਼, ਭਾਰਤੀ ਸੈਲਾਨੀਆਂ ਲਈ ਵੱਡੀ ਰਾਹਤ

ਮਲੇਸ਼ੀਆ ਬਣਿਆ UPI ਅਪਣਾਉਣ ਵਾਲਾ 9ਵਾਂ ਦੇਸ਼, ਭਾਰਤੀ ਸੈਲਾਨੀਆਂ ਲਈ ਵੱਡੀ ਰਾਹਤ

ਨੈਸ਼ਨਲ ਡੈੱਸਕ : ਭਾਰਤ ਦੀ ਡਿਜ਼ੀਟਲ ਭੁਗਤਾਨ ਪ੍ਰਣਾਲੀ ਯੂਨਿਫਾਇਡ ਪੇਮੈਂਟਸ ਇੰਟਰਫੇਸ (UPI) ਨੇ ਵਿਸ਼ਵ ਪੱਧਰ ’ਤੇ ਇੱਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ। ਹੁਣ ਮਲੇਸ਼ੀਆ ਵੀ ਯੂਪੀਆਈ ਅਪਣਾਉਣ ਵਾਲਾ ਦੁਨੀਆ ਦਾ ਨੌਵਾਂ ਦੇਸ਼ ਬਣ ਗਿਆ ਹੈ। ਇਹ ਕਦਮ ਭਾਰਤ ਦੀ ‘ਮੈਕ ਇਨ ਇੰਡੀਆ’ ਟੈਕਨਾਲੋਜੀ ਲਈ ਇੱਕ ਹੋਰ ਮੀਲ ਦਾ ਪੱਥਰ ਸਾਬਤ ਹੋਇਆ ਹੈ।

ਭਾਰਤੀ ਸੈਲਾਨੀਆਂ ਲਈ ਵੱਡੀ ਸਹੂਲਤ
ਮਲੇਸ਼ੀਆ ’ਚ ਯੂਪੀਆਈ ਦੀ ਸ਼ੁਰੂਆਤ ਨਾਲ ਭਾਰਤੀ ਸੈਲਾਨੀਆਂ ਨੂੰ ਹੁਣ ਖਰੀਦਦਾਰੀ ਜਾਂ ਸੇਵਾਵਾਂ ਲਈ ਨਕਦ ਪੈਸਿਆਂ ਜਾਂ ਵਿਦੇਸ਼ੀ ਮੁਦਰਾ ’ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਯਾਤਰੀ ਆਪਣੇ ਮੋਬਾਈਲ ’ਤੇ ਮੌਜੂਦ ਗੂਗਲ ਪੇ, ਫੋਨਪੇ, ਪੇਟੀਐਮ ਆਦਿ ਐਪਾਂ ਰਾਹੀਂ ਸਿੱਧਾ ਭੁਗਤਾਨ ਕਰ ਸਕਣਗੇ।

ਇਹ ਸੁਵਿਧਾ ਐਨ.ਪੀ.ਸੀ.ਆਈ. ਇੰਟਰਨੈਸ਼ਨਲ ਪੇਮੈਂਟਸ ਲਿਮਿਟੇਡ (NIPL) ਅਤੇ ਮਲੇਸ਼ੀਆ ਦੀ ਪ੍ਰਮੁੱਖ ਪੇਮੈਂਟ ਕੰਪਨੀ ਰੇਜ਼ਰਪੇ ਕਰਲੈਕ (Razorpay Curlec) ਦੇ ਸਹਿਯੋਗ ਨਾਲ ਸੰਭਵ ਹੋਈ ਹੈ। ਹੁਣ ਭਾਰਤੀ ਯਾਤਰੀ ਮਲੇਸ਼ੀਆਈ ਦੁਕਾਨਦਾਰਾਂ ਨੂੰ ਭਾਰਤ ਵਾਂਗ ਕਿਊਆਰ ਕੋਡ ਸਕੈਨ ਕਰਕੇ ਭੁਗਤਾਨ ਕਰ ਸਕਣਗੇ।

ਸਥਾਨਕ ਕਾਰੋਬਾਰੀਆਂ ਨੂੰ ਵੀ ਲਾਭ
ਇਸ ਨਵੀਂ ਪ੍ਰਣਾਲੀ ਨਾਲ ਸਿਰਫ ਸੈਲਾਨੀਆਂ ਹੀ ਨਹੀਂ, ਮਲੇਸ਼ੀਆਈ ਵਪਾਰੀਆਂ ਨੂੰ ਵੀ ਫਾਇਦਾ ਹੋਵੇਗਾ। ਭਾਰਤ ਤੋਂ ਹਰ ਸਾਲ ਹਜ਼ਾਰਾਂ ਸੈਲਾਨੀ ਮਲੇਸ਼ੀਆ ਆਉਂਦੇ ਹਨ, ਪਰ ਹੁਣ ਤੱਕ ਭੁਗਤਾਨ ਦੀਆਂ ਸੀਮਤ ਸੁਵਿਧਾਵਾਂ ਕਾਰਨ ਮੁਸ਼ਕਲਾਂ ਆਉਂਦੀਆਂ ਸਨ। ਯੂਪੀਆਈ ਨਾਲ ਹੁਣ ਭੁਗਤਾਨ ਆਸਾਨ ਹੋ ਜਾਵੇਗਾ, ਜਿਸ ਨਾਲ ਸਥਾਨਕ ਵਪਾਰ ਅਤੇ ਟੂਰਿਜ਼ਮ ਨੂੰ ਬੜਾਵਾ ਮਿਲੇਗਾ।

ਭਾਰਤ ਦੀ ਡਿਜ਼ੀਟਲ ਕੂਟਨੀਤੀ ਦੀ ਵੱਡੀ ਕਾਮਯਾਬੀ
NIPL ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਰਿਤੇਸ਼ ਸ਼ੁਕਲਾ ਨੇ ਕਿਹਾ ਕਿ ਸਾਡਾ ਮਕਸਦ ਯੂਪੀਆਈ ਦੀ ਪਹੁੰਚ ਨੂੰ ਵਿਸ਼ਵ ਪੱਧਰ ’ਤੇ ਵਧਾਉਣਾ ਹੈ, ਤਾਂ ਜੋ ਵਿਦੇਸ਼ ਯਾਤਰਾ ਦੌਰਾਨ ਭਾਰਤੀਆਂ ਨੂੰ ਆਸਾਨ ਅਤੇ ਸੁਰੱਖਿਅਤ ਡਿਜ਼ੀਟਲ ਭੁਗਤਾਨ ਦਾ ਅਨੁਭਵ ਮਿਲੇ।

ਇਨ੍ਹਾਂ 9 ਦੇਸ਼ਾਂ ਵਿੱਚ ਚੱਲ ਰਿਹਾ ਹੈ ਯੂਪੀਆਈ
ਮਲੇਸ਼ੀਆ ਸਮੇਤ ਹੁਣ ਕੁੱਲ 9 ਦੇਸ਼ਾਂ ਵਿੱਚ ਭਾਰਤੀ ਯੂਪੀਆਈ ਪ੍ਰਣਾਲੀ ਸਰਗਰਮ ਹੈ — ਫਰਾਂਸ, ਯੂਏਈ, ਮੌਰੀਸ਼ਸ, ਸ੍ਰੀਲੰਕਾ, ਸਿੰਗਾਪੁਰ, ਭੂਟਾਨ, ਨੇਪਾਲ, ਕਤਰ ਅਤੇ ਹੁਣ ਮਲੇਸ਼ੀਆ। ਇਸ ਨਾਲ ਭਾਰਤ ਨੇ ਵਿਸ਼ਵ ਪੱਧਰ ’ਤੇ ਆਪਣੀ ਡਿਜ਼ੀਟਲ ਕੂਟਨੀਤੀ ਨੂੰ ਹੋਰ ਮਜ਼ਬੂਤ ਕੀਤਾ ਹੈ।

Credit : www.jagbani.com

  • TODAY TOP NEWS