ਪਟਨਾ - ਬਿਹਾਰ ’ਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਤੋਂ ਠੀਕ ਦੋ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਸਾਬਕਾ ਕੇਂਦਰੀ ਊਰਜਾ ਮੰਤਰੀ ਆਰ. ਕੇ. ਸਿੰਘ ਨੇ ਸੂਬੇ ’ਚ 62,000 ਕਰੋੜ ਰੁਪਏ ਦੇ ਕਥਿਤ ਬਿਜਲੀ ਘਪਲੇ ਦਾ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ।
ਸਿੰਘ ਨੇ ਦੋਸ਼ ਲਾਇਆ ਹੈ ਕਿ ਸੂਬੇ ਦੇ ਬਿਜਲੀ ਵਿਭਾਗ ’ਚ ਵੱਡੇ ਪੱਧਰ ’ਤੇ ਧੋਖਾਦੇਹੀ ਹੋਈ ਹੈ, ਜਿਸ ’ਚ ਬਿਹਾਰ ਸਰਕਾਰ ਦੇ ਮੰਤਰਾਲਾ ਦੇ ਕਈ ਅਧਿਕਾਰੀ ਸ਼ਾਮਲ ਹਨ। ਉਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸੀ. ਬੀ. ਆਈ. ਤੋਂ ਕਰਾਉਣ ਦੀ ਮੰਗ ਕੀਤੀ ਹੈ। ਸਿੰਘ ਨੇ ਦੋਸ਼ ਲਾਇਆ ਹੈ 62 ਹਜ਼ਾਰ ਕਰੋੜ ਰੁਪਏ ਦਾ ਬਿਜਲੀ ਘਪਲੇ ’ਚ ਸਰਕਾਰ ਦੇ ਮੰਤਰੀ ਅਤੇ ਸੀਨੀਅਰ ਅਹੁਦੇਦਾਰ ਸ਼ਾਮਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਘਪਲਾ ਅਡਾਣੀ ਪਾਵਰ ਦੇ ਨਾਲ ਬਿਹਾਰ ਸਰਕਾਰ ਵੱਲੋਂ 25 ਸਾਲਾਂ ਲਈ ਕੀਤੇ ਗਏ ਪਾਵਰ ਸਪਲਾਈ ਸਮਝੌਤੇ ਨਾਲ ਜੁੜਿਆ ਹੈ।
ਸਾਬਕਾ ਮੰਤਰੀ ਆਰ. ਕੇ. ਸਿੰਘ ਨੇ ਦਾਅਵਾ ਕੀਤਾ ਹੈ ਕਿ ਇਹ ਘਪਲਾ ਬਿਹਾਰ ’ਚ ਇਕ ਥਰਮਲ ਪਾਵਰ ਪਲਾਂਟ ਨਾਲ ਜੁੜਿਆ ਹੈ। ਉਨ੍ਹਾਂ ਅਨੁਸਾਰ, ਇਕ ਕੰਪਨੀ ਨੂੰ ‘ਵਧੀ ਹੋਈ ਕੀਮਤ’ ’ਤੇ ਪਲਾਂਟ ਲਾਉਣ ਦੀ ਆਗਿਆ ਦਿੱਤੀ ਗਈ ਅਤੇ ਫਿਰ ਸੂਬਾ ਸਰਕਾਰ ਨੇ ਇਕ ਮਹਿੰਗੀ ਦਰ ’ਤੇ ਬਿਜਲੀ ਖਰੀਦ ਦਾ ਸਮਝੌਤਾ ਕੀਤਾ।
ਆਰ. ਕੇ. ਸਿੰਘ ਨੇ ਦੋਸ਼ ਲਾਇਆ, “ਇਹ ਬਹੁਤ ਵੱਡਾ ਘਪਲਾ ਹੈ। ਅਡਾਣੀ ਸਮੂਹ ਨਾਲ ਇਕ ਸਮਝੌਤਾ ਕੀਤਾ ਗਿਆ ਹੈ ਕਿ ਸਰਕਾਰ 25 ਸਾਲਾਂ ਤੱਕ ਬਿਜਲੀ 6.075 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਖਰੀਦੇਗੀ। ਅਡਾਣੀ ਨੂੰ ਇਕ ਬਹੁਤ ਜ਼ਿਆਦਾ ਵਧੀ ਹੋਈ ਕੀਮਤ ’ਤੇ ਪਾਵਰ ਪਲਾਂਟ ਲਾਉਣ ਲਈ ਪੈਸੇ ਦਿੱਤੇ ਗਏ ਹਨ।”
ਆਰ. ਕੇ. ਸਿੰਘ ਨੇ ਦਾਅਵਾ ਕੀਤਾ ਕਿ ਇਸ ਸੌਦੇ ਨਾਲ ਬਿਹਾਰ ਦੀ ਜਨਤਾ ’ਤੇ ਵਾਧੂ ਬੋਝ ਪੈ ਰਿਹਾ ਹੈ। ਉਨ੍ਹਾਂ ਕਿਹਾ, “ਕੁੱਲ ਮਿਲਾ ਕੇ, ਇਹ 1,40,000 ਕਰੋੜ ਰੁਪਏ ਦਾ ਘਪਲਾ ਹੈ।” ਜਦੋਂ ਉਨ੍ਹਾਂ ਨੂੰ ਘਪਲੇ ਦੀ ਕੁੱਲ ਰਾਸ਼ੀ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ, “ਇਹ ਇੰਨਾ ਵੱਡਾ ਘਪਲਾ ਹੈ... ਬਿਹਾਰ ਪ੍ਰਤੀ ਸਾਲ 2,500 ਕਰੋੜ ਰੁਪਏ ਤੋਂ ਵੱਧ ਦੇ ਰਿਹਾ ਹੈ। ਕੁੱਲ ਮਿਲਾ ਕੇ, 25 ਸਾਲਾਂ ’ਚ 6,200 ਕਰੋੜ ਰੁਪਏ (ਵੱਧ) ਦੇ ਰਿਹਾ ਹੈ। ਜਨਤਾ ਨੂੰ 1.41 ਰੁਪਏ ਪ੍ਰਤੀ ਯੂਨਿਟ ਜ਼ਿਆਦਾ ਭੁਗਤਾਨ ਕਰਨਾ ਪੈ ਰਿਹਾ ਹੈ।”
Credit : www.jagbani.com