
ਨੈਸ਼ਨਲ ਡੈਸਕ : ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹਰਿਆਣਾ ਦੇ ਫਰੀਦਾਬਾਦ ਵਿਖੇ ਪਹੁੰਚੇ। ਉਨ੍ਹਾਂ ਨੇ ਸੂਰਜਕੁੰਡ ਵਿੱਚ ਉੱਤਰੀ ਖੇਤਰੀ ਪਰਿਸ਼ਦ ਦੀ 32ਵੀਂ ਬੈਠਕ ਦੀ ਪ੍ਰਧਾਨਗੀ ਕੀਤੀ। ਇਹ ਅਹਿਮ ਮੀਟਿੰਗ ਦਿੱਲੀ ਵਿੱਚ ਹੋਏ ਬਲਾਸਟ ਦੀ ਚੱਲ ਰਹੀ ਜਾਂਚ ਦੇ ਵਿਚਕਾਰ ਆਯੋਜਿਤ ਕੀਤੀ ਗਈ ਹੈ।
6 ਸੂਬਿਆਂ ਦੇ CMs ਤੇ LGs ਹੋਏ ਸ਼ਾਮਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਜੋ ਉੱਤਰੀ ਖੇਤਰੀ ਪਰਿਸ਼ਦ ਦੇ ਪ੍ਰਧਾਨ ਹਨ, ਦੇ ਨਾਲ ਇਸ ਬੈਠਕ ਵਿੱਚ 6 ਸੂਬਿਆਂ ਦੇ ਮੁੱਖ ਮੰਤਰੀ, ਰਾਜਪਾਲ ਤੇ ਸੁਰੱਖਿਆ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਵਿੱਚ ਮੁੱਖ ਤੌਰ 'ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (ਜੋ ਕਿ ਪਰਿਸ਼ਦ ਦੇ ਉਪ-ਪ੍ਰਧਾਨ ਵੀ ਹਨ), ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਅਤੇ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਭਾਗ ਲਿਆ। ਇਸ ਤੋਂ ਇਲਾਵਾ, ਜੰਮੂ ਅਤੇ ਕਸ਼ਮੀਰ, ਦਿੱਲੀ ਅਤੇ ਲੱਦਾਖ ਦੇ ਲੈਫਟੀਨੈਂਟ ਗਵਰਨਰ ਵੀ ਸ਼ਾਮਲ ਹੋਏ।
ਅੰਦਰੂਨੀ ਸੁਰੱਖਿਆ ਅਤੇ ਜਬਰ ਜਨਾਹ ਕੇਸਾਂ 'ਤੇ ਮੰਥਨ
ਮੀਟਿੰਗ ਦਾ ਮੁੱਖ ਏਜੰਡਾ ਅੰਦਰੂਨੀ ਸੁਰੱਖਿਆ ਉੱਤੇ ਚਰਚਾ ਕਰਨਾ ਸੀ। ਨਾਲ ਹੀ, ਕੇਂਦਰ ਅਤੇ ਮੈਂਬਰ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚਕਾਰ ਖੇਤਰੀ ਮੁੱਦਿਆਂ ਅਤੇ ਵਿਵਾਦਾਂ ਨੂੰ ਹੱਲ ਕਰਨ 'ਤੇ ਵੀ ਮੰਥਨ ਕੀਤਾ ਗਿਆ। ਇਸ ਤੋਂ ਇਲਾਵਾ ਕੌਮੀ ਮਹੱਤਵ ਦੇ ਵਿਆਪਕ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ। ਖਾਸ ਤੌਰ 'ਤੇ ਔਰਤਾਂ ਅਤੇ ਬੱਚਿਆਂ ਨਾਲ ਜਬਰ-ਜਨਾਹ ਦੇ ਮਾਮਲਿਆਂ ਦੀ ਤੇਜ਼ੀ ਨਾਲ ਜਾਂਚ ਅਤੇ ਜਲਦੀ ਨਿਪਟਾਰੇ ਲਈ ਫਾਸਟ ਟਰੈਕ ਵਿਸ਼ੇਸ਼ ਅਦਾਲਤਾਂ (FTSC) ਦੀ ਸਥਾਪਨਾ ਕਰਨ ਬਾਰੇ ਗੱਲਬਾਤ ਕੀਤੀ ਗਈ। ਸਿੱਖਿਆ, ਸਿਹਤ, ਪੋਸ਼ਣ, ਬਿਜਲੀ ਸੁਧਾਰ, ਸ਼ਹਿਰੀ ਯੋਜਨਾਬੰਦੀ, ਅਤੇ ਸਹਿਕਾਰਤਾ ਪ੍ਰਣਾਲੀ ਵਰਗੇ ਖੇਤਰੀ ਪੱਧਰ ਦੇ ਸਾਂਝੇ ਹਿੱਤਾਂ ਦੇ ਮੁੱਦੇ ਵੀ ਸ਼ਾਮਲ ਸਨ।
ਹਿਮਾਚਲ CM ਨੇ ਉਠਾਇਆ ਕਲਾਈਮੇਟ ਚੇਂਜ ਦਾ ਮੁੱਦਾ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਉਨ੍ਹਾਂ ਦੇ ਰਾਜ ਦੀਆਂ ਚੁਣੌਤੀਆਂ ਜਲਵਾਯੂ ਪਰਿਵਰਤਨ ਕਾਰਨ ਪੈਦਾ ਹੋਈਆਂ ਹਨ, ਜਿਨ੍ਹਾਂ ਦਾ ਸਾਹਮਣਾ ਹੋਰ ਰਾਜਾਂ ਨੂੰ ਵੀ ਕਰਨਾ ਪਵੇਗਾ। ਉਨ੍ਹਾਂ ਨੇ ਦੱਸਿਆ ਕਿ ਹਰ ਸਾਲ ਤਾਪਮਾਨ 1 ਡਿਗਰੀ ਸੈਲਸੀਅਸ ਵਧ ਰਿਹਾ ਹੈ, ਜਿਸ ਕਾਰਨ ਆਫ਼ਤਾਂ ਆ ਰਹੀਆਂ ਹਨ। ਸੀ.ਐੱਮ. ਸੁੱਖੂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮੁੱਦੇ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਨਿੱਜੀ ਤੌਰ 'ਤੇ ਗੱਲ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਕਮੇਟੀ ਗਠਿਤ ਕੀਤੀ ਹੈ।
ਸਖ਼ਤ ਸੁਰੱਖਿਆ ਪ੍ਰਬੰਧ
ਦਿੱਲੀ ਬਲਾਸਟ ਦੀ ਜਾਂਚ ਦੇ ਮੱਦੇਨਜ਼ਰ, ਸੂਰਜਕੁੰਡ ਵਿੱਚ ਮੀਟਿੰਗ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਖੋਜੀ ਕੁੱਤਿਆਂ ਅਤੇ ਬੰਬ ਸਕੁਐਡ ਨੇ ਪੂਰੇ ਕੰਪਲੈਕਸ ਦੀ ਤਲਾਸ਼ੀ ਲਈ, ਅਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਪਿਛਲੇ 11 ਸਾਲਾਂ ਵਿੱਚ (ਜੂਨ 2014 ਤੋਂ ਹੁਣ ਤੱਕ) ਖੇਤਰੀ ਪਰਿਸ਼ਦਾਂ ਅਤੇ ਇਨ੍ਹਾਂ ਦੀਆਂ ਸਥਾਈ ਕਮੇਟੀਆਂ ਦੀਆਂ ਕੁੱਲ 63 ਬੈਠਕਾਂ ਆਯੋਜਿਤ ਕੀਤੀਆਂ ਜਾ ਚੁੱਕੀਆਂ ਹਨ।
Credit : www.jagbani.com