ਨੈਸ਼ਨਲ ਡੈਸਕ- ਸਾਊਦੀ ਅਰਬ 'ਚ ਮੱਕਾ ਤੋਂ ਮਦੀਨਾ ਜਾ ਰਹੀ ਜਾਇਰੀਨ ਦੀ ਬੱਸ ਇਕ ਤੇਲ ਟੈਂਕਰ ਨਾਲ ਟਕਰਾ ਗਈ, ਜਿਸ 'ਚ 45 ਤੋਂ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਜ਼ਿਆਦਾਤਰ ਹੈਦਰਾਬਾਦ ਦੇ ਰਹਿਣ ਵਾਲੇ ਸਨ। ਇਹ ਜਾਣਕਾਰੀ ਹੈਦਰਾਬਾਦ ਦੇ ਪੁਲਸ ਕਮਿਸ਼ਨਰ ਵੀ. ਸੀ. ਸੱਜਨਾਰ ਨੇ ਸ਼ੁਰੂਆਤੀ ਰਿਪੋਰਟਾਂ ਦੇ ਹਵਾਲੇ ਨਾਲ ਦਿੱਤੀ।
54 ਜਾਇਰੀਨ 9 ਨਵੰਬਰ ਨੂੰ ਜੇਦਾ ਗਏ ਸਨ
ਪੁਲਸ ਅਨੁਸਾਰ, ਹੈਦਰਾਬਾਦ ਤੋਂ 54 ਜਾਇਰੀਨ 9 ਨਵੰਬਰ ਨੂੰ ਉਮਰਾਹ ਲਈ ਰਵਾਨਾ ਹੋਏ ਸਨ ਅਤੇ 23 ਨਵੰਬਰ ਨੂੰ ਵਾਪਸ ਆਉਣਾ ਸੀ। ਇਨ੍ਹਾਂ 'ਚੋਂ 4 ਲੋਕ ਵੱਖਰੀ ਕਾਰ ਰਾਹੀਂ ਮਦੀਨਾ ਚਲੇ ਗਏ। 4 ਮੱਕਾ 'ਚ ਹੀ ਰਹਿ ਗਏ। ਬਾਕੀ 46 ਜਾਇਰੀਨ ਇਕ ਬੱਸ 'ਚ ਮਦੀਨਾ ਵੱਲ ਜਾ ਰਹੇ ਸਨ, ਜਦੋਂ ਹਾਦਸਾ ਹੋਇਆ।
ਸਿਰਫ ਇਕ ਯਾਤਰੀ ਜ਼ਿੰਦਾ ਬਚਿਆ
ਹਾਦਸੇ ਤੋਂ ਬਾਅਦ ਬੱਸ ਪੂਰੀ ਤਰ੍ਹਾਂ ਸੜ ਗਈ। ਸਿਰਫ ਇਕ ਯਾਤਰੀ—ਸ਼ੋਏਬ—ਜ਼ਿੰਦਾ ਬਚਿਆ, ਜਿਸ ਨੇ ਖਿੜਕੀ ਦਾ ਕੱਚ ਤੋੜ ਕੇ ਬਾਹਰ ਛਾਲ ਮਾਰ ਕੇ ਆਪਣੀ ਜਾਨ ਬਚਾਈ। ਉਸ ਦੇ ਦੋਵੇਂ ਹੱਥ ਬੁਰੀ ਤਰ੍ਹਾਂ ਝੁਲਸ ਗਏ ਹਨ ਅਤੇ ਉਸ ਦਾ ਇਲਾਜ ਹਸਪਤਾਲ 'ਚ ਚਲ ਰਿਹਾ ਹੈ।
ਪੀੜਤ ਪਰਿਵਾਰਾਂ ਦੀ ਪਛਾਣ ਮੁਸ਼ਕਲ
ਤੇਲੰਗਾਨਾ ਦੇ ਘੱਟ ਗਿਣਤੀ ਕਲਿਆਣ ਮੰਤਰੀ ਮੁਹੰਮਦ ਅਜ਼ਹਰੁੱਦੀਨ ਮੁਤਾਬਕ,“ਲਾਸ਼ਾਂ ਇੰਨੀਆਂ ਜ਼ਿਆਦਾ ਸੜ ਚੁੱਕੀਆਂ ਹਨ ਕਿ ਪਛਾਣ ਕਰਨਾ ਬਹੁਤ ਔਖਾ ਹੋ ਰਿਹਾ ਹੈ।”
ਪੀੜਤਾਂ 'ਚ ਬੱਚੇ ਵੀ ਸ਼ਾਮਲ
ਅਧਿਕਾਰੀਆਂ ਮੁਤਾਬਕ, ਬੱਸ 'ਚ 18 ਮਰਦ, 18 ਔਰਤਾਂ ਅਤੇ 10 ਬੱਚੇ ਸਵਾਰ ਸਨ।
ਪਰਿਵਾਰਾਂ ਦੀ ਮਦਦ ਲਈ ਸਰਕਾਰ ਅੱਗੇ ਆਈ
ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਹਰ ਪੀੜਤ ਪਰਿਵਾਰ 'ਚੋਂ ਇਕ ਮੈਂਬਰ ਨੂੰ ਸਾਊਦੀ ਅਰਬ ਭੇਜਿਆ ਜਾਵੇਗਾ। ਪਾਸਪੋਰਟ, ਵੀਜ਼ਾ ਅਤੇ ਹੋਰ ਸਹੂਲਤਾਂ ਤੁਰੰਤ ਮੁਹੱਈਆ ਕਰਵਾਈਆਂ ਜਾਣਗੀਆਂ। ਹੈਦਰਾਬਾਦ 'ਚ ਕੰਟਰੋਲ ਰੂਮ ਸੈੱਟ ਕੀਤਾ ਗਿਆ ਹੈ।
Credit : www.jagbani.com