ਨੈਸ਼ਨਲ ਡੈਸਕ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਨੂੰ ਸਮਰਪਿਤ ਇੱਕ ਵਿਸ਼ਾਲ 'ਸ਼ਹੀਦੀ ਯਾਤਰਾ' ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਮਾਗਮ ਗੁਰੂ ਤੇਗ ਬਹਾਦਰ ਜੀ ਨੂੰ ਬਲਿਦਾਨ, ਸ਼ਾਂਤੀ ਅਤੇ ਮਾਨਵਤਾ ਦੇ ਪ੍ਰਤੀਕ ਵਜੋਂ ਸਮਰਪਿਤ ਹੈ। ਇਹ ਸਮਾਗਮ ਗੁਰਦੁਆਰਾ ਬੰਦਾ ਸਿੰਘ ਬਹਾਦਰ, ਸਢੌਰਾ, ਯਮੁਨਾਨਗਰ 'ਚ ਚੱਲ ਰਿਹਾ ਹੈ, ਜਿਸ 'ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੱਗ ਬੰਨ੍ਹ ਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਹਨ।
ਇਸ ਦੌਰਾਨ ਸੀ.ਐੱਮ. ਸੈਣੀ ਨੇ ਸਮਾਗਮ 'ਚ ਪੁੱਜੀ ਸਾਰੀ ਸੰਗਤ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਰੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ 17ਵੀਂ ਸਦੀ ਵਿੱਚ ਗੁਰੂ ਸਾਹਿਬ ਨੇ ਅਨਿਆਂ, ਅੱਤਿਆਚਾਰ ਅਤੇ ਜ਼ੁਲਮ ਦੇ ਵਿਰੁੱਧ ਜੋ ਬਲੀਦਾਨ ਅਤੇ ਤਿਆਗ ਕੀਤਾ, ਉਸ ਕਾਰਨ ਉਹ ਸਿਰਫ਼ ਸਿੱਖ ਇਤਿਹਾਸ ਹੀ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਸਭ ਤੋਂ ਉੱਚੇ ਆਦਰਸ਼ ਹਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 4 ਯਾਤਰਾਵਾਂ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਤੇ ਅੱਜ ਇਹ ਚੌਥੀ ਯਾਤਰਾ ਹੈ, ਜਿਸ ਦੀ ਸ਼ੁਰੂਆਤ ਕਰਨ ਦਾ ਮੌਕਾ ਮੈਨੂੰ ਮਿਲਿਆ। ਇਸ ਤੋਂ ਬਾਅਦ 25 ਨਵੰਬਰ ਨੂੰ ਕੁਰਕੂਸ਼ੇਤਰ 'ਚ ਵੱਡਾ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ।
ਸੈਣੀ ਨੇ ਕੀਤੇ ਵੱਡੇ ਐਲਾਨ
ਇਸ ਦੌਰਾਨ ਸੈਣੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਨੂੰ ਸਮਰਪਿਤ ਪੰਚਕੂਲਾ, ਨਾਢਾ ਸਾਹਿਬ ਤੋਂ ਪਾਊਂਟਾ ਸਾਹਿਬ ਤੱਕ ਰੋਡ ਦਾ ਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਰੱਖਿਆ ਗਿਆ ਹੈ। ਇਸੇ ਤਰ੍ਹਾਂ ਕੁਰਕੂਸ਼ੇਤਰ ਤੋਂ ਲੋਹਗੜ੍ਹ ਸਾਹਿਬ ਰੋਡ ਦਾ ਨਾਂ ਬਾਬਾ ਬੰਦਾ ਸਿੰਘ ਬਹਾਦੁਰ ਦੇ ਨਾਂ 'ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਚਿੱਲਾ ਸਾਹਿਬ ਦੀ 70 ਕਨਾਲ ਜ਼ਮੀਨ, ਜੋ ਸਰਕਾਰ ਦੇ ਨਾਂ ਸੀ, ਨੂੰ ਵੀ ਸੈਣੀ ਨੇ ਚਿੱਲਾ ਸਾਹਿਬ ਗੁਰਦੁਆਰਾ ਦੇ ਨਾਂ ਕਰਨ ਦਾ ਵੱਡਾ ਐਲਾਨ ਕੀਤਾ ਸੀ। ਇਸ ਦੌਰਾਨ ਮੁੱਖ ਮੰਤਰੀ ਸੈਣੀ ਨੇ ਗੁਰਦੁਆਰਾ ਸਾਹਿਬ ਨੂੰ ਸੀ.ਐੱਮ ਫੰਡ 'ਚੋਂ 21 ਲੱਖ ਰੁਪਏ ਦੇਣ ਦਾ ਵੱਡਾ ਐਲਾਨ ਵੀ ਕੀਤਾ।
Credit : www.jagbani.com