ਅੰਮ੍ਰਿਤਸਰ : ਮੰਗਲਵਾਰ ਸਵੇਰੇ ਅੰਮ੍ਰਿਤਸਰ ਦੇ ਬੱਸ ਅੱਡੇ 'ਤੇ ਮੱਖਣ ਸਿੰਘ ਨਾਮਕ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਇਸ ਕਤਲ ਕਾਂਡ ਦੀ ਕਥਿਤ ਜ਼ਿੰਮੇਵਾਰੀ ਘਣਸ਼ਾਮਪੁਰੀਆ ਗੈਂਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਲਈ। ਪੋਸਟ ਵਿਚ ਲਿਖਿਆ ਹੈ ਕਿ ਇਹ ਕਤਲ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਹੈ। ਪੋਸਟ ਵਿਚ ਲਿਖਿਆ ਕਿ ਅੰਮ੍ਰਿਤਸਰ ਬੱਸ ਸਟੈਂਡ 'ਤੇ ਮੱਖਣ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰ ਮੈਂ ਡੋਨੀ ਬੱਲ, ਅਮਰ ਖੱਬੇ, ਪ੍ਰਭ ਦਾਸੂਵਾਲ, ਮੁਹੱਬਤ ਰੰਧਾਵਾ ਤੇ ਕੌਸ਼ਲ ਚੌਧਰੀ ਲੈਂਦੇ ਹਾਂ। ਇਹ ਸਾਡੇ ਐਂਟੀ ਜੱਗੂ ਦਾ ਖਾਸ ਬੰਦਾ ਸੀ। ਇਸ ਨੇ ਮੂਸੇਵਾਲਾ ਕੇਸ ਵਿਚ ਵੀ ਮਨਦੀਪ ਤੂਫਾਨ ਅਤੇ ਮਨੀ ਨੂੰ ਪਨਾਹ ਦਿੱਤੀ ਅਤੇ ਇਨ੍ਹਾਂ ਦੇ ਹਥਿਆਰ ਸਾਂਭਦਾ ਸੀ। ਅੱਗੇ ਲਿਖਿਆ ਕਿ ਸਾਡੇ ਭਰਾ ਧਰਮੇ ਦੇ ਕਤਲ ਵਿਚ ਵੀ ਇਸ ਨੇ ਪਨਾਹ ਦਿੱਤੀ ਸੀ। ਅੱਜ ਅਸੀਂ ਆਪਣੇ ਭਰਾ ਧਰਮੇ ਦਾ ਅਤੇ ਸਿੱਧੂ ਮੂਸੇਵਾਲਾ ਦਾ ਬਦਲਾ ਲਿਆ ਹੈ। ਇਥੇ ਹੀ ਬਸ ਨਹੀਂ ਪੋਸਟ ਵਿਚ ਚਿਤਾਵਨੀ ਦਿੰਦਿਆਂ ਆਖਿਆ ਹੈ ਕਿ ਜਿਨ੍ਹਾਂ ਨੇ ਵੀ ਗੱਡੀਆਂ ਲੈ ਕੇ ਦਿੱਤੀਆਂ ਉਹ ਵੀ ਤਿਆਰ ਰਹਿਣ। ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ 'ਜਗ ਬਾਣੀ' ਇਸ ਕਥਿਤ ਪੋਸਟ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਹੈ।
ਮੰਗਲਵਾਰ ਸਵੇਰੇ ਹੋਇਆ ਕਤਲ
ਮੰਗਲਵਾਰ ਸਵੇਰੇ ਅੰਮ੍ਰਿਤਸਰ ਦੇ ਬੱਸ ਅੱਡੇ 'ਤੇ ਗੋਲੀਆਂ ਮਾਰ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਸ਼ਨਾਖਤ ਮੱਖਣ ਸਿੰਘ ਵਾਸੀ ਪਿੰਡ ਘਣਸ਼ਾਮਪੁਰਾ ਮਹਿਤਾ, ਅੰਮ੍ਰਿਤਸਰ ਵਜੋਂ ਹੋਈ ਹੈ। ਇਹ ਵਾਰਦਾਤ ਅੱਜ ਸਵੇਰੇ 10 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਤਿੰਨ ਹਮਲਾਵਰਾਂ ਨੇ ਆਉਂਦੇ ਸਾਰ ਹੀ ਬੱਸ ਚੈੱਕਰ ਮੱਖਣ ਸਿੰਘ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਮੌਕੇ ਘਟਨਾ ਸਥਾਨ 'ਤੇ ਮੌਜੂਦ ਸੂਤਰਾਂ ਨੇ ਦੱਸਿਆ ਕਿ ਇਥੇ ਲਗਭਗ ਅੱਧੀ ਦਰਜਨ ਤੋਂ ਵਧੇਰੇ ਗੋਲੀਆਂ ਚੱਲੀਆਂ, ਜਿਸ ਕਾਰਨ ਬੱਸ ਅੱਡੇ ਵਿਖੇ ਦਹਿਸ਼ਤ ਦਾ ਮਾਹੌਲ ਬਣ ਗਿਆ। ਗੋਲੀਆਂ ਲੱਗਣ ਕਾਰਣ ਮੱਖਣ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com