ਨਵੀਂ ਦਿੱਲੀ : ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਅਤੇ ਉਨ੍ਹਾਂ ਦੇ ਖਾਣ-ਪੀਣ ਨਾਲ ਜੁੜੇ ਤਜਰਬੇ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ 'ਪ੍ਰੀਮੀਅਮ ਬ੍ਰਾਂਡ ਕੈਟਰਿੰਗ ਆਊਟਲੈਟਸ' (Premium Brand Catering Outlets) ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵੱਡੇ ਫੈਸਲੇ ਤੋਂ ਬਾਅਦ, ਟ੍ਰੇਨਾਂ 'ਚ ਸਫ਼ਰ ਕਰਨ ਵਾਲੇ ਯਾਤਰੀ ਜਲਦੀ ਹੀ ਰੇਲਵੇ ਸਟੇਸ਼ਨਾਂ 'ਤੇ ਪ੍ਰਮੁੱਖ ਫੂਡ ਬ੍ਰਾਂਡਾਂ ਦੇ ਖਾਣੇ ਦਾ ਆਨੰਦ ਲੈ ਸਕਣਗੇ।
ਕਿਹੜੇ ਬ੍ਰਾਂਡ ਲਗਾਉਣਗੇ ਸਟਾਲ?
'ਪ੍ਰੀਮੀਅਮ ਬ੍ਰਾਂਡ ਕੈਟਰਿੰਗ ਆਊਟਲੈਟਸ' ਕਲਾਸ ਦੇ ਤਹਿਤ, ਰੇਲਵੇ ਸਟੇਸ਼ਨ ਬਿਲਡਿੰਗ ਅਤੇ ਪਲੇਟਫਾਰਮਾਂ 'ਤੇ ਕਈ ਵੱਡੇ ਫੂਡ ਬ੍ਰਾਂਡ ਆਪਣੇ ਸਟਾਲ ਲਗਾ ਸਕਣਗੇ। ਇਨ੍ਹਾਂ ਵਿੱਚ ਹਲਦੀਰਾਮ (Haldiram), ਮੈਕਡੋਨਲਡਜ਼ (McDonald's), ਕੇਐੱਫਸੀ (KFC), ਸਬਵੇ (Subway), ਪਿਜ਼ਾ ਹੱਟ (Pizza Hut) ਅਤੇ ਡੋਮਿਨੋਜ਼ (Domino's) ਵਰਗੇ ਨਾਮ ਸ਼ਾਮਲ ਹਨ। ਇਹ ਬ੍ਰਾਂਡ ਯਾਤਰੀਆਂ ਨੂੰ ਖਾਣ-ਪੀਣ ਦੀਆਂ ਵਸਤੂਆਂ ਵੇਚ ਸਕਣਗੇ।
ਨਵੀਂ ਪਾਲਿਸੀ ਦੇ ਮੁੱਖ ਨੁਕਤੇ:
1. ਨਵੀਂ ਸ਼੍ਰੇਣੀ: ਰੇਲਵੇ ਦੇ ਇਸ ਕਦਮ ਨਾਲ ਕੈਟਰਿੰਗ ਪਾਲਿਸੀ 2017 ਵਿੱਚ ਰਸਮੀ ਤੌਰ 'ਤੇ ਇੱਕ ਚੌਥੀ ਸ਼੍ਰੇਣੀ ਜੁੜ ਗਈ ਹੈ। ਪਹਿਲਾਂ ਸਟਾਲਾਂ ਨੂੰ ਚਾਹ/ਬਿਸਕੁਟ/ਸਨੈਕ ਸਟਾਲ, ਦੁੱਧ ਦੇ ਬੂਥ ਅਤੇ ਜੂਸ ਤੇ ਤਾਜ਼ੇ ਫਲਾਂ ਦੇ ਕਾਊਂਟਰ ਵਿੱਚ ਵਰਗੀਕ੍ਰਿਤ ਕੀਤਾ ਜਾਂਦਾ ਸੀ। ਨਵੀਂ 'ਪ੍ਰੀਮੀਅਮ ਬ੍ਰਾਂਡ ਕੈਟਰਿੰਗ ਆਊਟਲੈਟ' ਸ਼੍ਰੇਣੀ ਖਾਸ ਤੌਰ 'ਤੇ ਵੱਡੇ ਪੱਧਰ ਦੀਆਂ ਬ੍ਰਾਂਡਿਡ ਫੂਡ ਚੇਨਾਂ ਲਈ ਹੈ।
2. ਅਲਾਟਮੈਂਟ ਦਾ ਤਰੀਕਾ: ਮਿਡ-ਡੇ ਦੀ ਰਿਪੋਰਟ ਅਨੁਸਾਰ, ਰੇਲਵੇ ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਇਹ ਆਊਟਲੈਟ ਨਾਮਜ਼ਦਗੀ (Nomination) ਦੇ ਆਧਾਰ 'ਤੇ ਅਲਾਟ ਨਹੀਂ ਕੀਤੇ ਜਾਣਗੇ।
3. ਸ਼ੁਰੂਆਤੀ ਸਥਾਨ: ਇਹ ਫੂਡ ਸਟਾਲ ਫਿਲਹਾਲ ਕੁਝ ਚੋਣਵੇਂ ਰੇਲਵੇ ਸਟੇਸ਼ਨਾਂ 'ਤੇ ਹੀ ਸ਼ੁਰੂ ਕੀਤੇ ਜਾਣਗੇ। ਮਿਡ-ਡੇ ਦੀ ਰਿਪੋਰਟ ਅਨੁਸਾਰ, ਮੁੰਬਈ ਦੇ ਖਾਰ (Khar), ਕਾਂਦੀਵਲੀ (Kandivali) ਅਤੇ ਕਈ ਹੋਰ ਉਪਨਗਰੀ ਰੇਲਵੇ ਸਟੇਸ਼ਨਾਂ 'ਤੇ ਬਣ ਰਹੇ ਨਵੇਂ ਐਲੀਵੇਟਿਡ ਡੈੱਕਾਂ 'ਤੇ ਵੱਡੇ ਫੂਡ ਬ੍ਰਾਂਡਾਂ ਦੇ ਇਹ ਸਟਾਲ ਲਗਾਏ ਜਾ ਸਕਣਗੇ।
ਯਾਤਰੀਆਂ ਅਤੇ ਬ੍ਰਾਂਡਾਂ ਨੂੰ ਫਾਇਦਾ
ਰੇਲਵੇ ਦੇ ਇਸ ਫੈਸਲੇ ਨਾਲ ਨਾ ਸਿਰਫ਼ ਯਾਤਰੀਆਂ ਨੂੰ ਖਾਣੇ ਦੇ ਕਈ ਵਿਕਲਪ ਮਿਲਣਗੇ, ਸਗੋਂ ਫੂਡ ਬ੍ਰਾਂਡਾਂ ਨੂੰ ਵੀ ਰੇਲਵੇ ਸਟੇਸ਼ਨ ਕੰਪਲੈਕਸ ਦੇ ਅੰਦਰ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਮੌਕਾ ਮਿਲੇਗਾ। ਫੂਡ ਬ੍ਰਾਂਡਾਂ ਲਈ ਇਹ ਇੱਕ ਵੱਡਾ ਮੌਕਾ ਹੈ ਕਿਉਂਕਿ ਇੱਥੇ ਬਾਕੀ ਥਾਵਾਂ ਦੇ ਆਊਟਲੈਟਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਵਿਕਰੀ ਦੀਆਂ ਉਮੀਦਾਂ ਹਨ।
Credit : www.jagbani.com