ਚੰਡੀਗੜ੍ਹ: ਡਾ. ਨਵਜੋਤ ਕੌਰ ਸਿੱਧੂ ਵੱਲੋਂ ਦਿੱਤੇ ਬਿਆਨਾਂ ਕਾਰਨ ਕਾਂਗਰਸ 'ਚ ਛਿੜੀ ਖਿੱਚੋਤਾਣ ਵਿਚ ਹੁਣ ਨਵਜੋਤ ਸਿੰਘ ਸਿੱਧੂ ਦੀ ਵੀ ਐਂਟਰੀ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਹਾਈਕਮਾਨ ਤਕ ਪਹੁੰਚ ਕੀਤੀ ਹੈ। ਉਹ ਪਤਨੀ ਦੇ ਬਿਆਨਾਂ 'ਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਪਹਿਲਾਂ ਆਪਣਾ ਪੱਖ ਰੱਖਣਾ ਚਾਹੁੰਦੇ ਹਨ। ਇਸ ਦੇ ਲਈ ਉਨ੍ਹਾਂ ਨੇ ਬਾਕਾਇਦਾ ਪ੍ਰਿਅੰਕਾ ਗਾਂਧੀ ਤੋਂ ਮਿਲਣ ਦਾ ਸਮਾਂ ਵੀ ਮੰਗਿਆ ਹੈ।
ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਵੱਲੋਂ 'ਮੁੱਖ ਮੰਤਰੀ ਬਣਨ ਲਈ 500 ਕਰੋੜ ਦੇ ਅਟੈਚੀ' ਵਾਲੇ ਬਿਆਨ ਮਗਰੋਂ ਸਿਆਸਤ ਕਾਫ਼ੀ ਭਖੀ ਹੋਈ ਹੈ। ਪਹਿਲਾਂ ਤਾਂ ਨਵਜੋਤ ਕੌਰ ਸਿੱਧੂ ਨੇ ਆਪੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤੇ ਜਾਣ ਦੀ ਗੱਲ ਕਹੀ ਸੀ, ਪਰ ਬਾਅਦ ਵਿਚ ਕਾਂਗਰਸੀ ਆਗੂਆਂ ਵੱਲੋਂ ਉਨ੍ਹਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਬਿਆਨਬਾਜ਼ੀ ਦੇ ਜਵਾਬ ਵਿਚ ਉਨ੍ਹਾਂ ਕਾਂਗਰਸ ਦੇ ਵੱਡੇ ਲੀਡਰਾਂ ਖ਼ਿਲਾਫ਼ ਗੰਭੀਰ ਦੋਸ਼ ਲਗਾ ਦਿੱਤੇ ਸਨ। ਇਸ ਮਗਰੋਂ ਮਾਮਲਾ ਹਾਈਕਮਾਨ ਕੋਲ ਪਹੁੰਚਿਆ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਪਾਰਟੀ ਵਿਚੋਂ ਸਸਪੈਂਡ ਕਰ ਦਿੱਤਾ। ਉੱਥੇ ਹੀ ਕਾਂਗਰਸ ਹਾਈਕਮਾਨ ਨੇ ਵੀ ਮਾਮਲੇ ਦੀ ਜਾਂਚ ਲਈ ਹਾਈ ਲੈਵਲ ਕਮੇਟੀ ਬਣਾ ਦਿੱਤੀ ਹੈ, ਜਿਸ ਦੀ ਅਗਵਾਈ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਕਰਨਗੇ।
ਉੱਥੇ ਹੀ ਨਵਜੋਤ ਸਿੰਘ ਸਿੱਧੂ ਬੀਤੇ ਦਿਨੀਂ ਅੰਮ੍ਰਿਤਸਰ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਵਿਚ ਆ ਕੇ ਕਿਸੇ ਕਿਸਮ ਦਾ ਕੋਈ ਬਿਆਨ ਨਹੀਂ ਦਿੱਤਾ ਤੇ ਨਾ ਹੀ ਕੋਈ ਸੋਸ਼ਲ ਮੀਡੀਆ ਪੋਸਟ ਪਾਈ ਹੈ। ਹਾਲਾਂਕਿ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਲਗਾਤਾਰ ਪੰਜਾਬ ਕਾਂਗਰਸ ਦੇ ਕੁਝ ਆਗੂਆਂ ਖ਼ਿਲਾਫ਼ ਭੜਾਸ ਕੱਢ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਅੰਦਰ ਇਸ ਤਰ੍ਹਾਂ ਦੀ ਖਿੱਚੋਤਾਣ ਤੋਂ ਹਾਈਕਮਾਨ ਕਾਫ਼ੀ ਨਾਰਾਜ਼ ਹੈ ਤੇ ਇਸੇ ਲਈ ਮਾਮਲੇ ਦੀ ਵਿਸਥਾਰਤ ਰਿਪੋਰਟ ਮੰਗੀ ਗਈ ਹੈ।
Credit : www.jagbani.com