US ਕੋਰਟ ਨੇ ਬਾਇਜੂ ਰਵਿੰਦਰਨ ਖਿਲਾਫ 1 ਅਰਬ ਡਾਲਰ ਹਰਜਾਨੇ ਦੇ ਹੁਕਮ ਨੂੰ ਪਲਟਿਆ

US ਕੋਰਟ ਨੇ ਬਾਇਜੂ ਰਵਿੰਦਰਨ ਖਿਲਾਫ 1 ਅਰਬ ਡਾਲਰ ਹਰਜਾਨੇ ਦੇ ਹੁਕਮ ਨੂੰ ਪਲਟਿਆ

ਨਵੀਂ ਦਿੱਲੀ  - ਅਮਰੀਕਾ ਦੀ ਇਕ ਅਦਾਲਤ ਨੇ ਐਡਟੈੱਕ ਕੰਪਨੀ ਬਾਇਜੂ ਦੇ ਕੋ-ਫਾਊਂਡਰ ਬਾਇਜੂ ਰਵਿੰਦਰਨ ਖਿਲਾਫ 1 ਅਰਬ ਡਾਲਰ ਦੇ ਹਰਜਾਨੇ ਦੇ ਫੈਸਲੇ ਨੂੰ ਪਲਟ ਦਿੱਤਾ ਹੈ।

ਬਾਇਜੂ ਨੂੰ ਆਪ੍ਰੇਟ ਕਰਨ ਵਾਲੀ ਕੰਪਨੀ ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ ਦੇ ਫਾਊਂਡਰਾਂ ਵੱਲੋਂ ਜਾਰੀ ਬਿਆਨ ਮੁਤਾਬਕ ਅਮਰੀਕਾ ਦੇ ਡੇਲਾਵੇਅਰ ’ਚ ਦੀਵਾਲੀਆ ਮਾਮਲਿਆਂ ਦੀ ਸੁਣਵਾਈ ਕਰਨ ਵਾਲੀ ਅਦਾਲਤ ਨੇ ਪਿਛਲੇ ਮਹੀਨੇ ਆਪਣੇ ਇਕ ਫੈਸਲੇ ’ਚ ਰਵਿੰਦਰਨ ਨੂੰ 1 ਅਰਬ ਡਾਲਰ ਤੋਂ ਵੱਧ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਸੀ।

ਅਮਰੀਕੀ ਅਦਾਲਤ ਨੇ ਕਿਹਾ ਸੀ ਕਿ ਰਵਿੰਦਰਨ ਨੇ 2021 ’ਚ ਦਿੱਤੇ 1.2 ਅਰਬ ਡਾਲਰ ਦੇ ਅਮਰੀਕੀ ‘ਮਿਆਦੀ ਕਰਜ਼ਾ’ (ਟਰਮ ਲੋਨ) ਤੋਂ ਪ੍ਰਾਪਤ ਕਰੀਬ ਅੱਧੀ ਰਾਸ਼ੀ ਦਾ ਪਤਾ ਲਾਉਣ ਦੇ ਕਾਨੂੰਨੀ ਕੋਸ਼ਿਸ਼ਾਂ ’ਚ ਸਹਿਯੋਗ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ।

ਹਰਜਾਨਾ ਨਿਰਧਾਰਤ ਕਰਨ ਲਈ ਜਨਵਰੀ ’ਚ ਸ਼ੁਰੂ ਹੋਵੇਗਾ ਨਵਾਂ ਪੜਾਅ

ਬਾਇਜੂ ਰਵਿੰਦਰਨ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕਰਦੇ ਹੋਏ ਕਿਹਾ ਸੀ ਕਿ ਅਦਾਲਤ ਨੇ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ ਅਮਰੀਕੀ ਵਕੀਲ ਦੀ ਵਿਵਸਥਾ ਕਰਨ ਲਈ ਮੰਗੇ 30 ਦਿਨਾਂ ਦਾ ਸਮਾਂ ਨਹੀਂ ਦਿੱਤਾ ਸੀ। ਇਸ ਪਹਿਲੂ ਨੂੰ ਧਿਆਨ ’ਚ ਰੱਖਦੇ ਹੋਏ ਰਵਿੰਦਰਨ ਨੇ ਇਸ ਹੁਕਮ ਖਿਲਾਫ ਅਪੀਲ ਕਰਨ ਦਾ ਫੈਸਲਾ ਕੀਤਾ ਸੀ।

ਬਿਆਨ ’ਚ ਕਿਹਾ ਗਿਆ,‘‘ਡੇਲਾਵੇਅਰ ਦੀ ਅਦਾਲਤ ਨੇ ਰਵਿੰਦਰਨ ਖਿਲਾਫ ਇਕ ਅਰਬ ਡਾਲਰ ਦੇ ਫੈਸਲੇ ਨੂੰ ਪਲਟ ਦਿੱਤਾ ਹੈ। ਰਵਿੰਦਰਨ ਨੇ 20 ਨਵੰਬਰ, 2025 ਦੇ ਫੈਸਲੇ ’ਚ ਸੁਧਾਰ ਲਈ ਇਕ ਮੰਗ ਦਰਜ ਕੀਤੀ ਸੀ ਅਤੇ ਨਵੀਆਂ ਐਪਲੀਕੇਸ਼ਨਾਂ ਪੇਸ਼ ਕੀਤੀਆਂ ਸਨ।

ਰਵਿੰਦਰਨ ਖਿਲਾਫ ਦਾਅਵਿਆਂ ਨਾਲ ਸਬੰਧਤ ਕਿਸੇ ਵੀ ਹਰਜਾਨੇ ਦਾ ਨਿਪਟਾਰਾ ਕਰਨ ਲਈ ਜਨਵਰੀ 2026 ਦੀ ਸ਼ੁਰੂਆਤ ’ਚ ਇਕ ਨਵਾਂ ਪੜਾਅ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ।’’

ਬਾਇਜੂ ਦੇ ਲੈਣਦਾਰਾਂ ਨੇ ਕਈ ਲੋਕਾਂ ਖਿਲਾਫ ਦਰਜ ਕੀਤਾ ਮੁਕੱਦਮਾ

ਇਸ ਸਾਲ ਦੀ ਸ਼ੁਰੂਆਤ ’ਚ ਗਲਾਸ ਟਰੱਸਟ ਸਮੇਤ ਬਾਇਜੂ ਦੇ ਲੈਣਦਾਰਾਂ ਨੇ ਰਵਿੰਦਰਨ, ਉਨ੍ਹਾਂ ਦੀ ਕੋ-ਫਾਊਂਡਰ ਪਤਨੀ ਦਿਵਿਆ ਗੋਕੁਲਨਾਥ ਅਤੇ ਇਕ ਹੋਰ ਸਾਥੀ ਅਨੀਤਾ ਕਿਸ਼ੋਰ ਖਿਲਾਫ ਮੁਕੱਦਮਾ ਦਰਜ ਕੀਤਾ ਸੀ। ਉਨ੍ਹਾਂ ’ਤੇ 53.3 ਕਰੋਡ਼ ਡਾਲਰ ਦੇ ਲੋਨ ਦੀ ਰਕਮ ‘ਚੋਰੀ ਕਰਨ ਦੀ ਸਾਜ਼ਿਸ਼ ਰੱਚਣ’ ਦਾ ਦੋਸ਼ ਲਾਇਆ ਗਿਆ ਸੀ।

ਬਿਆਨ ਮੁਤਾਬਕ ਰਵਿੰਦਰਨ ਇਸ ਵਤੀਰੇ ਲਈ ਗਲਾਸ ਟਰੱਸਟ ਅਤੇ ਹੋਰਾਂ ਖਿਲਾਫ ਅੱਗੇ ਦੀ ਕਾਰਵਾਈ ’ਤੇ ਵਿਚਾਰ ਕਰ ਰਹੇ ਹਨ। ਹਾਲਾਂਕਿ ਇਸ ਬਾਰੇ ਵਿਸਥਾਰ ਨਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਰਵਿੰਦਰਨ ਨੇ ਪਹਿਲਾਂ ਕਿਹਾ ਸੀ ਕਿ ਉਹ ਗਲਾਸ ਟਰੱਸਟ ’ਤੇ 2.5 ਅਰਬ ਡਾਲਰ ਦਾ ਮੁਕੱਦਮਾ ਕਰਨਗੇ।

ਉਨ੍ਹਾਂ ਦੇ ਕਾਨੂੰਨੀ ਸਲਾਹਕਾਰ ਮਾਈਕਲ ਮੈਕਨਟ ਨੇ ਕਿਹਾ,‘‘ਬਾਇਜੂ ਰਵਿੰਦਰਨ ਨੂੰ ਵਾਦੀ (ਗਲਾਸ ਟਰੱਸਟ ਕੰਪਨੀ ਐੱਲ. ਐੱਲ. ਸੀ.) ਨੂੰ ਇਕ ਵੀ ਡਾਲਰ ਦਾ ਹਰਜਾਨਾ ਦੇਣ ਲਈ ਜਵਾਬਦੇਹ ਨਹੀਂ ਪਾਇਆ ਗਿਆ ਹੈ।’’

Credit : www.jagbani.com

  • TODAY TOP NEWS