ਪਟਨਾ - ਬਿਹਾਰ ’ਚ ਨਵ-ਨਿਯੁਕਤ ਇਕ ਆਯੂਸ਼ ਡਾਕਟਰ ਉਸ ਸਮੇਂ ਘਬਰਾਅ ਗਈ, ਜਦੋਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਨਿਯੁਕਤੀ ਪੱਤਰ ਵੰਡਣ ਦੌਰਾਨ ਉਸ ਦੇ ਚਿਹਰੇ ਤੋਂ ਹਿਜਾਬ ਹਟਾ ਦਿੱਤਾ, ਜਿਸ ਨਾਲ ਵਿਵਾਦ ਪੈਦਾ ਹੋ ਗਿਆ ਹੈ। ਇਸ ਘਟਨਾ ਦੀ ਇਕ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਹ ਘਟਨਾ ਮੁੱਖ ਮੰਤਰੀ ਸਕੱਤਰੇਤ ‘ਸੰਵਾਦ’ ’ਚ ਆਯੋਜਿਤ ਉਸ ਪ੍ਰੋਗਰਾਮ ਦੌਰਾਨ ਹੋਈ, ਜਿੱਥੇ ਇਕ 1000 ਤੋਂ ਜ਼ਿਆਦਾ ਆਯੂਸ਼ ਡਾਕਟਰਾਂ ਨੂੰ ਨਿਯੁਕਤੀ ਪੱਤਰ ਵੰਡੇ ਜਾ ਰਹੇ ਸਨ। ਹਾਲਾਂਕਿ, ਇਸ ਵੀਡੀਓ ਦੀ ਪਰਮਾਣਿਕਤਾ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਹੈ।
ਨਿਯੁਕਤ ਕੀਤੇ ਗਏ ਡਾਕਟਰਾਂ ’ਚ 685 ਆਯੁਰਵੇਦ, 393 ਹੋਮੀਓਪੈਥੀ ਅਤੇ 205 ਯੂਨਾਨੀ ਵਿਧੀ ਦੇ ਡਾਕਟਰ ਸ਼ਾਮਲ ਹਨ। ਇਨ੍ਹਾਂ ’ਚੋਂ 10 ਉਮੀਦਵਾਰਾਂ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਖੁਦ ਮੰਚ ਤੋਂ ਨਿਯੁਕਤੀ ਪੱਤਰ ਸੌਂਪੇ, ਜਦੋਂ ਕਿ ਬਾਕੀਆਂ ਨੂੰ ਆਨਲਾਈਨ ਤਰੀਕੇ ਨਾਲ ਨਿਯੁਕਤੀ ਪੱਤਰ ਦਿੱਤੇ ਗਏ।
ਨਿਯੁਕਤੀ ਪੱਤਰ ਲੈਣ ਦੀ ਜਦੋਂ ਨੁਸਰਤ ਪਰਵੀਨ ਦੀ ਵਾਰੀ ਆਈ, ਜਿਸ ਨੇ ਚਿਹਰੇ ’ਤੇ ਹਿਜਾਬ ਪਹਿਨਿਆ ਹੋਇਆ ਸੀ, ਤਾਂ 75 ਸਾਲਾ ਮੁੱਖ ਮੰਤਰੀ ਨੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਕਿਹਾ, “ਇਹ ਕੀ ਹੈ?’’ ਇਸ ਤੋਂ ਬਾਅਦ ਮੁੱਖ ਮੰਤਰੀ ਉਨ੍ਹਾਂ ਦੇ ਚਿਹਰੇ ਤੋਂ ਹਿਜਾਬ ਹਟਾ ਦਿੱਤਾ। ਇਸ ਤੋਂ ਬਾਅਦ ਉੱਥੇ ਮੌਜੂਦ ਇਕ ਅਧਿਕਾਰੀ ਨੇ ਘਬਰਾਈ ਹੋਈ ਨਵ-ਨਿਯੁਕਤ ਡਾਕਟਰ ਨੂੰ ਤੁਰੰਤ ਇਕ ਪਾਸੇ ਕਰ ਦਿੱਤਾ।
ਓਧਰ, ਰਾਜਦ ਅਤੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ’ਤੇ ਸਾਂਝਾ ਕਰਦੇ ਹੋਏ ਦਾਅਵਾ ਕੀਤਾ ਕਿ ਇਹ ਘਟਨਾ ਜਦ-ਯੂ ਦੇ ਮੁਖੀ ਦੀ ‘ਅਸਥਿਰ ਮਾਨਸਿਕ ਸਥਿਤੀ’ ਦੀ ਤਾਜ਼ਾ ਉਦਾਹਰਣ ਹੈ।
Credit : www.jagbani.com