
ਚੰਡੀਗੜ੍ਹ : ਪੰਜਾਬ ਅਤਿ-ਆਧੁਨਿਕ ਨਿਰਮਾਣ ਅਤੇ ਨਵੀਨਤਾ ਲਈ ਇੱਕ ਪਸੰਦੀਦਾ ਸਥਾਨ ਵਜੋਂ ਉੱਭਰ ਰਿਹਾ ਹੈ, ਅੰਬਰ ਗਰੁੱਪ ਆਫ਼ ਇੰਡਸਟਰੀਜ਼ ਨੇ ਰਾਜਪੁਰਾ ਵਿਖੇ 500 ਕਰੋੜ ਰੁਪਏ ਦੇ ਨਿਵੇਸ਼ ਨਾਲ ਅਤਿ-ਆਧੁਨਿਕ ਖੋਜ ਅਤੇ ਵਿਕਾਸ ਕੇਂਦਰ ਦੀ ਸਥਾਪਨਾ ਰਾਹੀਂ ਇੱਕ ਵੱਡੇ ਵਿਸਥਾਰ ਦਾ ਐਲਾਨ ਕੀਤਾ ਹੈ। ਇਸ ਵੱਡੇ ਨਿਵੇਸ਼ ਦਾ ਸਵਾਗਤ ਕਰਦਿਆਂ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਰਾਜਪੁਰਾ ਵਿਖੇ 500 ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਵੱਡੇ ਪੱਧਰ ਦਾ ਖੋਜ ਅਤੇ ਵਿਕਾਸ ਕੇਂਦਰ ਸਥਾਪਿਤ ਕਰਨ ਦਾ ਅੰਬਰ ਗਰੁੱਪ ਦਾ ਫ਼ੈਸਲਾ ਪੰਜਾਬ ਦੀਆਂ ਪ੍ਰਗਤੀਸ਼ੀਲ ਉਦਯੋਗਿਕ ਨੀਤੀਆਂ, ਹੁਨਰਮੰਦ ਕਿਰਤੀਆਂ ਅਤੇ ਨਿਵੇਸ਼ਕ-ਪੱਖੀ ਵਾਤਾਵਰਣ ਪ੍ਰਣਾਲੀ ਦਾ ਮਜ਼ਬੂਤ ਸਮਰਥਨ ਕਰਦਾ ਹੈ। ਇਸ ਪ੍ਰਾਜੈਕਟ ਨਾਲ ਕਰੀਬ 1,000 ਉੱਚ-ਗੁਣਵੱਤਾ ਤੇ ਚੰਗੀ ਤਨਖ਼ਾਹ ਵਾਲੇ ਰੁਜ਼ਗਾਰ ਦੇ ਨਵੇਂ ਮੌਕੇ ਸਿਰਜੇ ਜਾ ਸਕਣਗੇ ਅਤੇ ਉੱਨਤ ਇੰਜੀਨੀਅਰਿੰਗ ਤੇ ਉਤਪਾਦ ਡਿਜ਼ਾਈਨ ਦੇ ਖੇਤਰ ਵਿੱਚ ਪੰਜਾਬ ਦੀ ਸਥਿਤੀ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤੀ ਮਿਲੇਗੀ। ਅੰਬਰ ਗਰੁੱਪ ਆਫ਼ ਇੰਡਸਟਰੀਜ਼ ਇੱਕ ਮੋਹਰੀ ਨਿਰਮਾਣ ਸਮੂਹ ਹੈ, ਜਿਸ 'ਚ ਭਾਰਤ ਅਤੇ ਵਿਦੇਸ਼ਾਂ 'ਚ 33 ਨਿਰਮਾਣ ਸਹੂਲਤਾਂ ਅਤੇ 12 ਵਿਕਰੀ ਦਫ਼ਤਰ ਹਨ, ਜਿਨ੍ਹਾਂ ਦਾ ਸਲਾਨਾ ਮਾਲੀਆ ਕਰੀਬ 10,000 ਕਰੋੜ ਰੁਪਏ ਹੈ ਅਤੇ ਬਾਜ਼ਾਰ ਪੂੰਜੀਕਰਨ ਕਰੀਬ 27,000 ਕਰੋੜ ਰੁਪਏ ਹੈ। ਇਹ ਸਮੂਹ ਪੀਸੀਬੀਜ਼, ਏਅਰ ਕੰਡੀਸ਼ਨਰ, ਪਾਵਰ ਇਲੈਕਟ੍ਰਾਨਿਕਸ, ਐਚਵੀਏਸੀ ਸਿਸਟਮ, ਰੇਲਵੇ, ਰੱਖਿਆ, ਬੱਸਾਂ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਲਈ ਸਟੀਕ ਕੂਲਿੰਗ ਹੱਲ ਸਮੇਤ ਅਨੇਕਾਂ ਮੁੱਖ ਖੇਤਰਾਂ ਵਿੱਚ ਸਰਗਰਮ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com