ਜਲੰਧਰ-ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਜਿੱਥੇ ਅੱਜ ਸੰਘਣੀ ਧੁੰਦ ਛਾਈ ਰਹੀ, ਉਥੇ ਹਰੀ ਕੋਹਰੇ ਦੇ ਕਾਰਨ ਸੜਕ ਹਾਦਸੇ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਪਿੰਡ ਕਾਲਾ ਬਕਰਾ ਕੋਲ ਵੱਡਾ ਸੜਕ ਹਾਦਸਾ ਵਾਪਰ ਗਿਆ। ਸੰਘਣੀ ਧੁੰਦ ਦੇ ਕਾਰਨ 5 ਗੱਡੀਆਂ ਦੀ ਆਪਸ 'ਚ ਟੱਕਰ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਕ ਅਣਪਛਾਤਾ ਟਰੱਕ ਜਾ ਰਿਹਾ ਸੀ, ਜਿਸ ਦੇ ਪਿੱਛੇ ਇਕ ਟਿੱਪਰ ਦੀ ਟੱਕਰ ਹੋ ਗਈ। ਉਥੇ ਹੀ ਟਿੱਪਰ ਅਤੇ ਟਰੱਕ ਦੀ ਟੱਕਰ ਤੋਂ ਬਾਅਦ ਕਈ ਗੱਡੀਆਂ ਆਪਸ ਵਿਚ ਟਕਰਾ ਗਈਆਂ। ਇਸ ਹਾਦਸੇ ਵਿਚ ਗੱਡੀਆਂ ਬੇਹੱਦ ਨੁਕਸਾਨੀਆਂ ਗਈਆਂ ਹਨ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਹਾਈਵੇਅ 'ਤੇ ਵਾਹਨਾਂ ਦੀ ਟੱਕਰ ਮਗਰੋਂ ਲੰਬਾ ਜਾਮ ਲੱਗ ਗਿਆ।

ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਉਤੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਪਹੁੰਚੇ ਅਤੇ ਵਾਹਨਾਂ ਨੂੰ ਸਾਈਡ 'ਤੇ ਕਰਵਾਇਆ ਗਿਆ, ਜਿਸ ਤੋਂ ਬਾਅਦ ਹਾਈਵੇਅ ਨੂੰ ਦੋਬਾਰਾ ਚਾਲੂ ਕਰਵਾਇਆ ਗਿਆ। ਕੱਲ੍ਹ ਤੋਂ ਲਗਾਤਾਰ ਪੈ ਰਹੀ ਧੁੰਦ ਕਾਰਨ ਵੱਡੇ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ। ਅੱਜ ਵੀ ਜਲੰਧਰ ਜ਼ਿਲ੍ਹਾ ਸੰਘਣੀ ਧੁੰਦ ਦੀ ਚਿੱਟੀ ਚਾਦਰ ਦੀ ਲਪੇਟ ਵਿਚ ਦਿਸਿਆ। ਹਾਦਸੇ ਵਿੱਚ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਸੜਕ ਸੁਰੱਖਿਆ ਬਲ ਦੀ ਟੀਮ ਨੇ ਘਟਨਾ ਬਾਰੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।




Credit : www.jagbani.com