ਟਾਂਡਾ ਉੜਮੁੜ- ਅੱਡਾ ਕਲੋਆ ਨੇੜੇ ਗੋਲ਼ੀਆਂ ਮਾਰ ਕੇ ਕਤਲ ਕੀਤੇ ਬਲਜੀਤ ਸਿੰਘ ਬਿੱਲਾ ਦੇ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਇਸ ਕਤਲ ਨੂੰ ਲੈ ਕੇ ਟਾਂਡਾ ਪੁਲਸ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ ਅਤੇ ਵਿਦੇਸ਼ ਬੈਠ ਕੇ ਇਸ ਦੀ ਸਾਜਿਸ਼ ਰਚਣ ਵਾਲਿਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਡੀ .ਐੱਸ. ਪੀ. ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਕਤਲ ਕੀਤੇ ਗਏ ਵਿਅਕਤੀ ਬਲਜੀਤ ਸਿੰਘ ਬਿੱਲਾ ਪੁੱਤਰ ਹਰਬੰਸ ਲਾਲ ਵਾਸੀ ਪਿੰਡ ਕੰਧਾਲਾ ਸ਼ੇਖਾਂ ਦੇ ਦੋਸਤ ਪੰਚਾਇਤ ਸੰਮਤੀ ਮੈਂਬਰ ਸਰਪੰਚ ਅਤਿੰਦਰਪਾਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਢਡਿਆਲਾ ਦੇ ਬਿਆਨ ਦੇ ਆਧਾਰ 'ਤੇ ਪ੍ਰਦੀਪ ਸਿੰਘ ਵਾਸੀ ਗੜਦੀਵਾਲਾ, ਅਮਰਦੀਪ ਸਿੰਘ ਉਰਫ਼ ਬੂਈ ਵਾਸੀ ਮਾਂਗਾ, ਲੱਬਾ ਵਾਸੀ ਪਿੰਡ ਸੀਕਰੀ, ਅਰਸ਼ਦੀਪ ਸਿੰਘ ਵਾਸੀ ਗੜਦੀਵਾਲਾ, ਧਰਮਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਖਡਿਆਲਾ ਸੈਣੀਆਂ ਅਤੇ ਦੋ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਦਰਜ ਕੀਤਾ ਹੈ।
ਆਪਣੇ ਬਿਆਨ ਵਿਚ ਅਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਦੋਸਤ ਨੇ ਉਸ ਨੂੰ ਇਕ ਦਿਨ ਪਹਿਲਾਂ ਹੀ ਦੱਸਿਆ ਸੀ ਕਿ ਪ੍ਰਦੀਪ ਹਾਲ ਵਾਸੀ ਅਮਰੀਕਾ, ਬੂਈ ਹਾਲ ਵਾਸੀ ਦੁਬਈ, ਲੱਬਾ ਹਾਲ ਵਾਸੀ ਕੈਨੇਡਾ ਅਤੇ ਅਰਸ਼ ਨੇ ਉਸ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਦੇ ਦੁਸ਼ਮਣਾਂ ਨਾਲ ਮਿਲਦਾ ਵਰਤਦਾ ਹੈ, ਇਸ ਲਈ ਮਜ਼ਾ ਚਖਾਉਣਗੇ।

ਇਸ ਦੌਰਾਨ ਬੀਤੀ ਸ਼ਾਮ ਜਦੋਂ ਉਹ ਕਾਰ 'ਤੇ ਬਿੱਲਾ ਦੇ ਨਾਲ ਕੰਧਾਲਾ ਸ਼ੇਖਾ ਜਾ ਰਿਹਾ ਸੀ ਤਾਂ ਅੱਡਾ ਕਲੋਆ ’ਤੇ ਜਦੋਂ ਬਿੱਲਾ ਮਠਿਆਈ ਦੀ ਦੁਕਾਨ ਤੋਂ ਪਾਣੀ ਦੀ ਬੋਤਲ ਲੈ ਕੇ ਕਾਰ ਵੱਲ ਵਧ ਰਿਹਾ ਸੀ ਤਾਂ ਮੋਟਰਸਾਈਕਲ ’ਤੇ ਆਏ ਧਰਮਿੰਦਰ ਅਤੇ ਦੋ ਹੋਰਨਾਂ ਵਿਅਕਤੀਆਂ ਨੇ ਉਸ ’ਤੇ ਗੋਲ਼ੀਆਂ ਵਰ੍ਹਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹੁਣ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਤਲ ਅਤੇ ਹੋਰ ਮਾਮਲੇ ਦਰਜ ਹਨ। ਸੂਚਨਾ ਮਿਲਣ ’ਤੇ ਐੱਸ. ਪੀ. ਪਰਮਿੰਦਰ ਸਿੰਘ ਹੀਰ, ਡੀ. ਐੱਸ. ਪੀ. ਦਵਿੰਦਰ ਸਿੰਘ ਬਾਜਵਾ ਅਤੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪੁਲਸ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਉੱਦਮ ਕੀਤੇ ਜਾ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com