ਜਲਾਲਾਬਾਦ : ਥਾਣਾ ਗੁਰੂਹਰਸਹਾਏ ਦੇ ਪਿੰਡ ਢਾਣੀ ਬਾਬਾ ਵੱਲੂ ਸਿੰਘ ਵਾਲੀ ਦਾਖਲੀ ਦੁੱਲੇ ਕੇ ਨੱਥੂ ਵਾਲਾ ਤੋਂ ਵੱਡੀ ਘਟਨਾ ਸਾਹਮਣੇ ਆਈ ਹੈ। ਇਥੇ 14 ਦਸਬੰਰ ਨੂੰ ਨੌਕਰ ਵੱਲੋਂ ਮਾਲਕ ਦੇ ਘਰ ’ਚ ਗੈਰ-ਮੌਜੂਦਗੀ ਹੋਣ ਤੇ ਨਾਬਾਲਿਗ ਲੜਕੀ ਨਾਲ ਜਬਰਦਸਤੀ ਸਬੰਧ ਬਣਾਏ ਜਾਣ ਦੇ ਸਦਮੇ ’ਚ ਲੜਕੀ ਦੇ ਵੱਲੋਂ ਜ਼ਹਿਰੀਲੀ ਦੁਵਾਈ ਨਿਗਲ ਕੇ ਆਤਮ ਹੱਤਿਆ ਕਰ ਲੈਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਸਬ ਡਵੀਜਨ ਗੁਰੂਹਰਸਹਾਏ ਦੇ ਡੀ.ਐੱਸ.ਪੀ ਰਾਜਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਢਾਣੀ ਬਾਬਾ ਵੱਲੂ ਸਿੰਘ ਵਾਲੀ ਦੇ ਇੱਕ ਵਿਅਕਤੀ ਵੱਲੋਂ ਪੁਲਸ ਨੂੰ ਦਰਜ ਕਰਵਾਏ ਗਏ ਬਿਆਨਾਂ ’ਚ ਦੱਸਿਆ ਕਿ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਵੋਟਾਂ ਪਾਉਣ ਦੇ ਲਈ ਆਪਣੀ 15 ਸਾਲਾ ਮਾਸੂਮ ਧੀਅ ਨੂੰ ਛੱਡ ਕੇ ਵੋਟਾਂ ਪਾਉਣ ਦੇ ਲਈ ਚੱਲੇ ਗਏ ਤਾਂ ਨੌਕਰੀ ਵੱਲੋਂ ਘਰ ਦੇ ਨਾਲ ਬਣੇ ਸਟੋਰ ’ਚ ਲਿਜਾ ਕੇ ਉਸਦੀ ਲੜਕੀ ਦੇ ਨਾਲ ਜਬਰਦਸਤੀ ਨਾਜਾਇਜ਼ ਸਬੰਧ ਬਣਾਏ ਜਾ ਰਹੇ ਸਨ। ਇਸੇ ਦੌਰਾਨ ਮ੍ਰਿਤਕ ਲੜਕੀ ਦਾ ਪਿਤਾ ਘਰ ਪੁੱਜਾ ਤਾਂ ਉਸ ਦੇ ਵੱਲੋਂ ਆਪਣੀ ਧੀ ਦੀ ਭਾਂਲ ਕੀਤੀ ਤਾਂ ਉਹ ਘਰ ’ਚ ਮੌਜੂਦ ਨਹੀਂ ਮਿਲੀ। ਉਹ ਲੜਕੀ ਦੀ ਭਾਲ ਕਰਦਾ ਹੋਇਆ ਸਟੋਰ ਦੇ ਨਜ਼ਦੀਕ ਪੁੱਜਾ ਤਾਂ ਉਥੋਂ ਲੜਕੀ ਦੇ ਰੌਲਾ ਪਾਉਣ ਦੀਆਂ ਆਵਾਜ਼ ਆ ਰਹੀ ਸੀ। ਜਦੋਂ ਲੜਕੀ ਦਾ ਪਿਤਾ ਅੰਦਰ ਪੁੱਜਾ ਤਾਂ ਨੌਕਰ ਦੀ ਗੰਦੀ ਕਰਤੂਤ ਨੂੰ ਦੇਖ ਕੇ ਉਸ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਇਸ ਘਟਨਾ ਤੋਂ ਕੁਝ ਸਮੇਂ ਬਾਅਦ ਲੜਕੀ ਨੇ ਸਦਮੇ ’ਚ ਜ਼ਹਿਰੀਲੀ ਚੀਜ਼ ਨਿਗਲ ਲਈ ਹੈ।
ਡੀ.ਐੱਸ.ਪੀ. ਨੇ ਕਿਹਾ ਕਿ ਪਰਿਵਾਰਿਕ ਮੈਂਬਰਾਂ ਵੱਲੋਂ ਇਲਾਜ ਲਈ ਨਾਬਾਲਗ ਲੜਕੀ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਜਾਂਦਾ ਹੈ ਜਿਥੇ ਕਿ 3 ਦਿਨ ਤੱਕ ਚੱਲੇ ਇਲਾਜ ਤੋਂ ਬਾਅਦ ਲੜਕੀ ਨੇ ਦਮਤੋੜ ਦਿੱਤਾ। ਉਨ੍ਹਾਂ ਕਿਹਾ ਕਿ ਥਾਣਾ ਗੁਰੂਹਰਸਹਾਏ ਦੀ ਪੁਲਸ ਦੇ ਵੱਲੋਂ ਰਿੰਕੂ ਊਰਫ ਸਜਾਨ ਪੁੱਤਰ ਹਰਮੇਸ਼ ਸਿੰਘ ਵਾਸੀ ਪਿੰਡ ਨੌ ਬਹਿਰਾਮ ਸ਼ੇਰ ਸਿੰਘ ਵਾਲਾ ਦੇ ਵਿਰੁੱਧ ਮੁਕੱਦਮਾ ਨੰਬਰ 420 ਬੀ.ਐੱਨ.ਐਸ ਦੀਆਂ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਉਨ੍ਹਾਂ ਆਖਿਆ ਕਿ ਪਰਿਵਾਰਿਕ ਮੈਂਬਰ ਨੇ ਦੋਸ਼ੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਤੋਂ ਨਾਂਹ ਕਰ ਦਿੱਤੀ ਹੈ। ਗੁਰੂਹਰਸਹਾਏ ਦੇ ਡੀ.ਐੱਸ.ਪੀ ਰਾਜਵੀਰ ਸਿੰਘ ਨੇ ਆਖਿਆ ਕਿ ਪੁਲਸ ਪਾਰਟੀ ਸਮੇਤ ਮ੍ਰਿਤਕ ਲੜਕੀ ਦੇ ਘਰ ਪੁੱਜੇ ਅਤੇ ਜਿਨ੍ਹਾਂ ਨੇ ਪੀੜਤ ਪਰਿਵਾਰ ਨੂੰ ਹਰ ਪੱਖੋਂ ਇੰਨਸਾਫ ਦੇਣ ਦਾ ਭਰੋਸਾ ਦਿੱਤਾ ਅਤੇ ਪਰਿਵਾਰ ਨੂੰ ਸੰਸਕਾਰ ਕਰਨ ਦੀ ਅਪੀਲ ਕੀਤੀ ਅਤੇ ਜਲਦੀ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦਾ ਵਿਸ਼ਵਾਸ਼ ਦੁਵਾਇਆ। ਪਰ ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਲੜਕੀ ਦੇ ਪਰਿਵਾਰਿਕ ਮੈਂਬਰ ਪੁਲਸ ਵੱਲੋਂ ਜਿੰਨੀ ਦੇਰ ਤੱਕ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਜਾਂਦੀ ਉਨੀ ਦੇਰੀ ਤੱਕ ਸੰਸਕਾਰ ਨਾ ਕਰਨ ਦੀ ਮੰਗ ’ਤੇ ਅੱੜੇ ਹੋਏ ਸਨ।
Credit : www.jagbani.com