ਇਸਲਾਮਾਬਾਦ : ਪਾਕਿਸਤਾਨ ਨੇ ਭਾਰਤ 'ਤੇ ਸਿੰਧੂ ਜਲ ਸੰਧੀ (Indus Waters Treaty) ਨੂੰ ਕਮਜ਼ੋਰ ਕਰਨ ਦਾ ਗੰਭੀਰ ਦੋਸ਼ ਲਗਾਇਆ ਹੈ। ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਲਗਾਤਾਰ ਇਸ ਸੰਧੀ ਦੀ ਉਲੰਘਣਾ ਕਰ ਰਿਹਾ ਹੈ, ਜੋ ਕਿ ਸਮਝੌਤੇ ਦੇ ਮੂਲ ਸਿਧਾਂਤਾਂ 'ਤੇ ਸਿੱਧਾ ਹਮਲਾ ਹੈ।
ਚਿਨਾਬ ਦਰਿਆ ਦੇ ਵਹਾਅ 'ਤੇ ਮੰਗਿਆ ਸਪੱਸ਼ਟੀਕਰਨ
ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਪਾਕਿਸਤਾਨ ਨੇ ਚਿਨਾਬ ਦਰਿਆ ਦੇ ਵਹਾਅ 'ਚ ਕੀਤੇ ਗਏ ਬਦਲਾਅ ਨੂੰ ਲੈ ਕੇ ਭਾਰਤ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ ਸੀ। ਇਸਹਾਕ ਡਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਵੱਲੋਂ ਕੀਤੇ ਜਾ ਰਹੇ ਇਹ ਗੰਭੀਰ ਉਲੰਘਣ ਖੇਤਰੀ ਸਥਿਰਤਾ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਮਰਿਆਦਾ ਲਈ ਖ਼ਤਰਨਾਕ ਸਿੱਧ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਸਾਲ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਕਾਰਵਾਈ ਕਰਦਿਆਂ 1960 ਦੀ ਸਿੰਧੂ ਜਲ ਸੰਧੀ ਨੂੰ 'ਮੁਅੱਤਲ' (Suspend) ਕਰਨ ਸਮੇਤ ਕਈ ਸਖ਼ਤ ਕਦਮ ਚੁੱਕੇ ਸਨ।
ਖੇਤੀਬਾੜੀ ਅਤੇ ਆਰਥਿਕਤਾ ਲਈ ਖ਼ਤਰਾ ਪਾਕਿਸਤਾਨੀ ਮੰਤਰੀ ਨੇ ਦੋਸ਼ ਲਾਇਆ ਕਿ ਭਾਰਤ ਵੱਲੋਂ ਪਾਣੀ ਵਿੱਚ ਕੀਤੀ ਜਾ ਰਹੀ 'ਹੇਰਾਫੇਰੀ' ਕਾਰਨ ਪਾਕਿਸਤਾਨ ਦੇ ਸਿੰਧੂ ਕਮਿਸ਼ਨਰ ਨੂੰ ਆਪਣੇ ਭਾਰਤੀ ਹਮਰੁਤਬਾ ਨੂੰ ਪੱਤਰ ਲਿਖਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਚੱਕਰ ਦੇ ਅਹਿਮ ਸਮੇਂ ਦੌਰਾਨ ਪਾਣੀ ਦੀ ਸਪਲਾਈ ਵਿੱਚ ਰੁਕਾਵਟ ਪਾਉਣਾ ਪਾਕਿਸਤਾਨ ਵਿੱਚ ਜੀਵਨ ਅਤੇ ਰੋਜ਼ੀ-ਰੋਟੀ ਲਈ ਸਿੱਧਾ ਖ਼ਤਰਾ ਹੈ।
ਪਾਣੀ ਰੋਕਣਾ 'ਯੁੱਧ ਦੀ ਕਾਰਵਾਈ' ਦੇ ਬਰਾਬਰ
ਇਸਹਾਕ ਡਾਰ ਅਨੁਸਾਰ, ਭਾਰਤ ਨੇ ਸੰਧੀ ਤਹਿਤ ਜ਼ਰੂਰੀ ਜਾਣਕਾਰੀ, ਹਾਈਡ੍ਰੋਲੋਜੀਕਲ ਡੇਟਾ ਸਾਂਝਾ ਕਰਨਾ ਅਤੇ ਸਾਂਝੀ ਨਿਗਰਾਨੀ ਬੰਦ ਕਰ ਦਿੱਤੀ ਹੈ, ਜਿਸ ਕਾਰਨ ਪਾਕਿਸਤਾਨ ਵਿੱਚ ਹੜ੍ਹ ਅਤੇ ਸੋਕੇ ਦਾ ਖ਼ਤਰਾ ਵੱਧ ਗਿਆ ਹੈ। ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਭਾਰਤ ਵੱਲੋਂ ਪਾਣੀ ਦੀ ਸਪਲਾਈ ਰੋਕਣ ਨੂੰ 'ਜੰਗ ਦੀ ਕਾਰਵਾਈ' (Act of War) ਮੰਨਿਆ ਜਾਵੇਗਾ। ਇਹ ਸੰਧੀ 1960 ਵਿੱਚ ਵਿਸ਼ਵ ਬੈਂਕ ਦੀ ਮੱਧਸਥਤਾ ਨਾਲ ਹੋਈ ਸੀ, ਜੋ ਦੋਵਾਂ ਦੇਸ਼ਾਂ ਵਿਚਕਾਰ ਸਿੰਧੂ ਨਦੀ ਅਤੇ ਉਸ ਦੀਆਂ ਸਹਾਇਕ ਨਦੀਆਂ ਦੇ ਪਾਣੀ ਦੀ ਵੰਡ ਨੂੰ ਕੰਟਰੋਲ ਕਰਦੀ ਹੈ।
Credit : www.jagbani.com