ਸ਼ਾਹਕੋਟ - ਸ਼ਾਹਕੋਟ ਵਿਖੇ ਅੱਜ ਦੇਰ ਸ਼ਾਮ ਕਬਾੜੀਏ ਦੀ ਦੁਕਾਨ ''ਤੇ ਕੰਮ ਕਰਦੇ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਮਾਰ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ (33) ਪੁੱਤਰ ਬੱਗਾ ਸਿੰਘ ਵਾਸੀ ਮੁਹੱਲਾ ਧੋੜਿਆਂ (ਸ਼ਾਹਕੋਟ) ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਸ਼ਾਹਕੋਟ ਵਿਖੇ ਕਬਾੜੀਏ ਦੀ ਦੁਕਾਨ 'ਤੇ ਕੰਮ ਕਰਦਾ ਸੀ। ਅੱਜ ਸ਼ਾਮ ਜਦੋਂ ਸੰਦੀਪ ਕੁਮਾਰ ਕਬਾੜੀਏ ਦੀ ਦੁਕਾਨ ਤੋਂ ਬਾਹਰ ਕਿਸੇ ਕੰਮ ਲਈ ਆਇਆ ਤਾਂ ਇਕ ਅਣਪਛਾਤੇ ਹਮਲਾਵਰ ਵੱਲੋਂ ਉਸ ਨੂੰ ਨਜ਼ਦੀਕ ਤੋਂ ਗੋਲੀ ਮਾਰੀ ਗਈ ਜੋ ਉਸਦੀ ਗਰਦਨ 'ਚੋਂ ਆਰ-ਪਾਰ ਹੋ ਗਈ।
ਮੌਕੇ 'ਤੇ ਇਕੱਠੇ ਹੋਏ ਲੋਕਾਂ ਵੱਲੋਂ ਜਦੋਂ ਉਸ ਨੂੰ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਤਾਂ ਮੌਕੇ 'ਤੇ ਹਾਜ਼ਰ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰ ਅਨੁਸਾਰ ਉਸ ਨੂੰ ਮ੍ਰਿਤਕ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ।
ਸੂਚਨਾ ਮਿਲਣ 'ਤੇ ਡੀ.ਐੱਸ.ਪੀ. ਸ਼ਾਹਕੋਟ ਸੁਖਪਾਲ ਸਿੰਘ ਅਤੇ ਐੱਸ.ਐੱਚ.ਓ. ਬਲਵਿੰਦਰ ਸਿੰਘ ਭੁੱਲਰ ਵੱਲੋਂ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕੀਤੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦਾ ਆਪਣੀ ਪਤਨੀ ਨਾਲ ਤਲਾਕ ਹੋਇਆ ਹੈ ਅਤੇ ਕਰੀਬ 10 ਦਿਨ ਪਹਿਲਾਂ ਹੀ ਇਸਨੇ ਦੂਜਾ ਵਿਆਹ ਕਰਵਾਇਆ ਸੀ। ਪੁਲਸ ਵੱਖ-ਵੱਖ ਪਹਿਲੂਆਂ ਤੋਂ ਕੇਸ ਦੀ ਜਾਂਚ ਕਰ ਰਹੀ ਹੈ। ਵਾਰਦਾਤ ਵਾਲੀ ਜਗ੍ਹਾ ਤੋਂ ਪੁਲਸ ਨੂੰ ਗੋਲੀ ਦਾ ਇਕ ਖੋਲ ਵੀ ਬਰਾਮਦ ਹੋਇਆ ਹੈ।
Credit : www.jagbani.com