ਜਲੰਧਰ/ਚੰਡੀਗੜ੍ਹ : ਨਵੇਂ ਸਾਲ ਮੌਕੇ ਪੰਜਾਬ ਪੁਲਸ ਨੂੰ ਵੱਡਾ ਤੋਹਫ਼ਾ ਮਿਲਿਆ ਹੈ। ਦਰਅਸਲ ਇਸ ਸਾਲ ਪੰਜਾਬ ਪੁਲਸ 'ਚ 10 ਹਜ਼ਾਰ ਕਾਂਸਟੇਬਲ ਭਰਤੀ ਕੀਤੇ ਜਾਣਗੇ। ਇਸ ਬਾਰੇ ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ। ਡੀ. ਜੀ. ਪੀ. ਗੌਰਵ ਯਾਦਵ ਨੇ ਪੰਜਾਬ ਪੁਲਸ ਲਈ ਮਹੱਤਵਪੂਰਨ ਤੇ ਤਕਨਾਲੋਜੀ ਆਧਾਰਿਤ ਵਿਜ਼ਨ 2026 ਦੀ ਰੂਪਰੇਖਾ ਪੇਸ਼ ਕੀਤੀ, ਜੋ ਵਿਆਪਕ ਬੁਨਿਆਦੀ ਢਾਂਚਾ ਵਿਕਾਸ ਅਤੇ ਸਮਰੱਥਾ ਨਿਰਮਾਣ ’ਤੇ ਕੇਂਦਰਿਤ ਹੈ।
ਇਸ ਵਿਜ਼ਨ ਤਹਿਤ ਡਾਇਲ 112 ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ (ਈ. ਆਰ. ਐੱਸ. ਐੱਸ.) ਨੂੰ ਹੋਰ ਵਧੇਰੇ ਕਾਰਗਰ ਬਣਾਉਣਾ ਸ਼ਾਮਲ ਹੈ, ਜਿਸ ਤਹਿਤ ਮੋਹਾਲੀ ਵਿਖੇ 52 ਕਰੋੜ ਦੀ ਲਾਗਤ ਨਾਲ ਡਾਇਲ 112 ਸੈਂਟਰਲ ਕੰਟਰੋਲ ਰੂਮ ਦੀ ਇਮਾਰਤ ਸਥਾਪਿਤ ਕੀਤੀ ਜਾਵੇਗੀ ਅਤੇ 50 ਕਰੋੜ ਦੀ ਲਾਗਤ ਨਾਲ ਨਵੇਂ ਵਾਹਨ ਖ਼ਰੀਦੇ ਜਾਣਗੇ। ਇਸ ਦੇ ਨਾਲ ਹੀ ਪੰਜਾਬ ਭਰ ਦੇ ਜ਼ਿਲ੍ਹਾ ਕੰਟਰੋਲ ਰੂਮਾਂ ਨੂੰ ਵੀ 25 ਕਰੋੜ ਰੁਪਏ ਦੇ ਨਿਵੇਸ਼ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਨਵੇਂ ਸਾਲ ਦੌਰਾਨ ਪੰਜਾਬ ਪੁਲਸ ਵਿਚ 10,000 ਤੋਂ ਵੱਧ ਕਾਂਸਟੇਬਲ ਅਤੇ ਕਰੀਬਹ 1,600 ਐੱਸ. ਆਈ. ਅਤੇ ਏ. ਐੱਸ. ਆਈ. ਭਰਤੀ ਕੀਤੇ ਜਾਣਗੇ।
Credit : www.jagbani.com