ਐਮਸਟਰਡਮ (ਨੀਦਰਲੈਂਡ): ਨਵੇਂ ਸਾਲ ਦੇ ਜਸ਼ਨਾਂ ਦੌਰਾਨ ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਪ੍ਰਸਿੱਧ ਅਤੇ 150 ਸਾਲ ਪੁਰਾਣੇ ਵੋਂਡਲਕਰਕ ਚਰਚ (Vondelkerk Church) ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਤਿਹਾਸਕ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਤੜਕੇ 2:30 ਵਜੇ ਵਾਪਰਿਆ ਹਾਦਸਾ
ਰਿਪੋਰਟਾਂ ਅਨੁਸਾਰ, ਇਹ ਅੱਗ ਵੀਰਵਾਰ ਰਾਤ (1 ਜਨਵਰੀ, 2026) ਨੂੰ ਸਥਾਨਕ ਸਮੇਂ ਅਨੁਸਾਰ ਤੜਕੇ 2:30 ਵਜੇ ਲੱਗੀ। ਅੱਗ ਸਭ ਤੋਂ ਪਹਿਲਾਂ ਚਰਚ ਦੀ ਛੱਤ 'ਤੇ ਲੱਗੀ ਅਤੇ ਤੇਜ਼ ਹਵਾਵਾਂ ਕਾਰਨ ਦੇਖਦੇ ਹੀ ਦੇਖਦੇ ਪੂਰੀ ਇਮਾਰਤ ਵਿੱਚ ਫੈਲ ਗਈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਅੱਗ ਦੀਆਂ ਉੱਚੀਆਂ ਲਪਟਾਂ ਨੂੰ ਚਰਚ ਨੂੰ ਘੇਰਦੇ ਹੋਏ ਸਾਫ਼ ਦੇਖਿਆ ਜਾ ਸਕਦਾ ਹੈ।

ਚਰਚ ਦਾ ਟਾਵਰ ਹੋਇਆ ਢੇਰ
ਅੱਗ ਇੰਨੀ ਜ਼ਬਰਦਸਤ ਸੀ ਕਿ ਚਰਚ ਦਾ ਟਾਵਰ ਆਪਣੀ ਥਾਂ ਛੱਡ ਕੇ ਇਮਾਰਤ ਦੇ ਵਿਚਕਾਰ ਜਾ ਡਿੱਗਿਆ, ਜਿਸ ਨਾਲ ਅੱਗ ਹੋਰ ਹਿੱਸਿਆਂ ਵਿੱਚ ਵੀ ਫੈਲ ਗਈ। ਫਾਇਰ ਡਿਪਾਰਟਮੈਂਟ ਦੇ ਬੁਲਾਰੇ ਨੇ ਦੱਸਿਆ ਕਿ ਫਾਇਰਫਾਈਟਰਜ਼ ਨੇ ਸਾਰੀ ਰਾਤ ਅੱਗ 'ਤੇ ਕਾਬੂ ਪਾਉਣ ਅਤੇ ਇਮਾਰਤ ਦੇ ਬਾਕੀ ਬਚੇ ਹਿੱਸੇ ਨੂੰ ਬਚਾਉਣ ਲਈ ਜੱਦੋ-ਜਹਿਦ ਕੀਤੀ, ਪਰ ਅੱਗ ਬਹੁਤ ਤੇਜ਼ੀ ਨਾਲ ਫੈਲ ਰਹੀ ਸੀ।
ਆਸ-ਪਾਸ ਦੇ ਇਲਾਕੇ ਕਰਵਾਏ ਗਏ ਖਾਲੀ
ਸੁਰੱਖਿਆ ਦੇ ਮੱਦੇਨਜ਼ਰ, ਐਮਸਟਰਡਮ ਦੀ ਮੇਅਰ ਫੇਮਕੇ ਹਾਲਸੇਮਾ ਨੇ ਚਰਚ ਦੇ ਆਲੇ-ਦੁਆਲੇ ਦੇ ਕਈ ਘਰਾਂ ਨੂੰ ਖਾਲੀ ਕਰਵਾਉਣ ਦੇ ਹੁਕਮ ਦਿੱਤੇ। ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਸਥਾਨਕ ਨਿਵਾਸੀਆਂ ਨੂੰ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖਣ ਦੀ ਅਪੀਲ ਕੀਤੀ ਹੈ ਤਾਂ ਜੋ ਲੱਕੜ ਦੀ ਪੁਰਾਣੀ ਇਮਾਰਤ ਤੋਂ ਨਿਕਲਣ ਵਾਲੀਆਂ ਚੰਗਿਆੜੀਆਂ ਅਤੇ ਧੂੰਏਂ ਤੋਂ ਬਚਿਆ ਜਾ ਸਕੇ। ਫਿਲਹਾਲ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਅਤੇ ਅਧਿਕਾਰੀ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com