ਨਵੀਂ ਦਿੱਲੀ : ਦੁਨੀਆ ਦੇ ਸਭ ਤੋਂ ਸਫਲ ਅਤੇ ਤਾਕਤਵਰ ਨਿਵੇਸ਼ਕਾਂ ਵਿੱਚ ਸ਼ੁਮਾਰ ਵਾਰਨ ਬਫੇ ਨੇ 60 ਸਾਲਾਂ ਬਾਅਦ ਆਪਣੀ ਕੰਪਨੀ ਬਰਕਸ਼ਾਇਰ ਹੈਥਵੇ ਦੇ CEO ਦੇ ਅਹੁਦੇ ਤੋਂ ਹਟਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 'ਓਰੇਕਲ ਆਫ਼ ਓਮਾਹਾ' ਦੇ ਨਾਂ ਨਾਲ ਮਸ਼ਹੂਰ 95 ਸਾਲਾ ਬਫੇ ਦੇ ਸੇਵਾਮੁਕਤ ਹੋਣ ਨਾਲ ਅਮਰੀਕੀ ਪੂੰਜੀਵਾਦ ਦੇ ਇੱਕ ਇਤਿਹਾਸਕ ਯੁੱਗ ਦਾ ਅੰਤ ਹੋ ਗਿਆ ਹੈ।
ਗ੍ਰੇਗ ਐਬਲ ਸੰਭਾਲਣਗੇ ਕਮਾਨ
ਨਵੇਂ ਸਾਲ ਦੀ ਸ਼ੁਰੂਆਤ ਯਾਨੀ ਵੀਰਵਾਰ ਤੋਂ 62 ਸਾਲਾ ਗ੍ਰੇਗ ਐਬਲ ਬਰਕਸ਼ਾਇਰ ਹੈਥਵੇ ਦੇ ਵਿਸ਼ਾਲ ਸਾਮਰਾਜ ਦੀ ਜ਼ਿੰਮੇਵਾਰੀ ਸੰਭਾਲਣਗੇ। ਐਬਲ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਹਨ ਅਤੇ ਬਫੇ ਉਨ੍ਹਾਂ ਨੂੰ ਆਪਣੀ "ਊਰਜਾ ਮਸ਼ੀਨ" ਕਹਿੰਦੇ ਹਨ। ਕੰਪਨੀ ਦੀ ਤਿਜੋਰੀ ਵਿੱਚ ਇਸ ਵੇਲੇ ਕਰੀਬ 400 ਅਰਬ ਡਾਲਰ (ਲਗਭਗ 35.9 ਲੱਖ ਕਰੋੜ ਰੁਪਏ) ਦੀ ਭਾਰੀ ਨਕਦੀ ਪਈ ਹੈ। ਹਾਲਾਂਕਿ, ਡਿੱਗ ਰਹੀਆਂ ਵਿਆਜ ਦਰਾਂ ਦੇ ਦੌਰ ਵਿੱਚ ਇਸ ਪੈਸੇ ਦਾ ਸਹੀ ਨਿਵੇਸ਼ ਕਰਨਾ ਐਬਲ ਲਈ ਇੱਕ ਵੱਡੀ ਚੁਣੌਤੀ ਹੋਵੇਗੀ।
ਕਿਉਂ ਲਿਆ ਸੇਵਾਮੁਕਤੀ ਦਾ ਫੈਸਲਾ?
ਬਫੇ ਨੇ ਪਹਿਲੀ ਵਾਰ ਮਈ 2025 ਦੀ ਸਾਲਾਨਾ ਬੈਠਕ ਵਿੱਚ ਆਪਣੀ ਰਿਟਾਇਰਮੈਂਟ ਯੋਜਨਾ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਸਵੀਕਾਰ ਕੀਤਾ ਕਿ ਹੁਣ ਉਨ੍ਹਾਂ ਦੀ ਯਾਦਦਾਸ਼ਤ ਅਤੇ ਊਰਜਾ ਪਹਿਲਾਂ ਵਰਗੀ ਨਹੀਂ ਰਹੀ ਅਤੇ ਕੰਪਨੀ ਹੁਣ ਉਨ੍ਹਾਂ ਤੋਂ ਬਿਨਾਂ ਵੀ ਚੱਲਣ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲਾਂਕਿ ਉਨ੍ਹਾਂ ਨੇ CEO ਦਾ ਅਹੁਦਾ ਛੱਡ ਦਿੱਤਾ ਹੈ, ਪਰ ਉਹ ਗੈਰ-ਕਾਰਜਕਾਰੀ ਚੇਅਰਮੈਨ ਵਜੋਂ ਕੰਪਨੀ 'ਤੇ ਨਜ਼ਰ ਰੱਖਣਗੇ ਅਤੇ ਸਲਾਹ ਦਿੰਦੇ ਰਹਿਣਗੇ।
ਬਿਨਾਂ ਉਦਯੋਗ ਲਗਾਏ ਬਣੇ ਅਮੀਰ
ਵਾਰਨ ਬਫੇ ਦੀ ਖਾਸੀਅਤ ਇਹ ਰਹੀ ਕਿ ਉਨ੍ਹਾਂ ਨੇ ਕੋਈ ਵੀ ਵੱਡਾ ਉਦਯੋਗ ਖੁਦ ਖੜ੍ਹਾ ਨਹੀਂ ਕੀਤਾ, ਸਗੋਂ ਆਪਣੀ ਪਰਖ ਨਾਲ ਕੰਪਨੀਆਂ ਵਿੱਚ ਨਿਵੇਸ਼ ਕਰਕੇ ਇਹ ਮੁਕਾਮ ਹਾਸਲ ਕੀਤਾ। ਅੱਜ ਉਨ੍ਹਾਂ ਦੀ ਕੰਪਨੀ ਕੋਲ ਗੀਕੋ (Geico), ਡਿਊਰਾਸੇਲ (Duracell) ਅਤੇ ਡੇਅਰੀ ਕੁਈਨ ਵਰਗੀਆਂ ਸੈਂਕੜੇ ਕੰਪਨੀਆਂ ਹਨ।
ਨਿਵੇਸ਼ਕਾਂ ਲਈ ਵਾਰਨ ਬਫੇ ਦੇ 'ਗੁਰੂ ਮੰਤਰ':
• ਕਦੇ ਪੈਸਾ ਨਾ ਗੁਆਓ: ਨਿਵੇਸ਼ ਤੋਂ ਪਹਿਲਾਂ ਜੋਖਮ ਨੂੰ ਦੇਖੋ; ਜੇਕਰ ਮੂਲਧਨ ਸੁਰੱਖਿਅਤ ਹੈ, ਤਾਂ ਮੁਨਾਫਾ ਆਪਣੇ ਆਪ ਆਵੇਗਾ।
• ਸਮਝ ਵਾਲੇ ਕੰਮ 'ਚ ਨਿਵੇਸ਼: ਸਿਰਫ਼ ਉਨ੍ਹਾਂ ਹੀ ਕਾਰੋਬਾਰਾਂ ਵਿੱਚ ਪੈਸਾ ਲਗਾਓ ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ।
• ਲੰਬੀ ਮਿਆਦ ਦਾ ਨਿਵੇਸ਼: ਜੇਕਰ ਤੁਸੀਂ ਕਿਸੇ ਸਟਾਕ ਨੂੰ 10 ਸਾਲਾਂ ਲਈ ਨਹੀਂ ਰੱਖ ਸਕਦੇ, ਤਾਂ ਉਸਨੂੰ 10 ਮਿੰਟ ਲਈ ਵੀ ਨਾ ਖਰੀਦੋ।
• ਕੰਪਾਊਂਡਿੰਗ ਦੀ ਤਾਕਤ: ਅਮੀਰ ਰਾਤੋ-ਰਾਤ ਨਹੀਂ, ਸਗੋਂ ਹੌਲੀ-ਹੌਲੀ ਬਣਿਆ ਜਾਂਦਾ ਹੈ।
Credit : www.jagbani.com