ਚੰਡੀਗੜ੍ਹ : ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਜ਼ਰੀਏ ਖੇਤੀਬਾੜੀ ਉਤਪਾਦਨ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਆਈ.ਆਈ.ਟੀ. ਰੋਪੜ ਵਿਖੇ ਸਥਾਪਿਤ ਸੈਂਟਰ ਆਫ਼ ਐਕਸੀਲੈਂਸ (ਸੀਓਈ) ਦੀ ਸਹਾਇਤਾ ਨਾਲ ਖੇਤੀਬਾੜੀ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਅਪਨਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇੱਥੇ ਪੰਜਾਬ ਭਵਨ ਵਿਖੇ ਇਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿਚ ਖੇਤੀਬਾੜੀ ਸੈਕਟਰ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਖੇਤੀਬਾੜੀ ਉਤਪਾਦਨ ਅਤੇ ਟਿਕਾਊ ਵਿਕਾਸ ‘ਚ ਵਾਧੇ ਅਤੇ ਰਾਜ ਦੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਏਆਈ-ਅਧਾਰਤ ਹੱਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਪਨਾਉਣ ਬਾਰੇ ਰੋਡਮੈਪ ਉਲੀਕਣ ਸਬੰਧੀ ਚਰਚਾ ਕੀਤੀ ਗਈ।

ਖੁੱਡੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਜ਼ਮੀਨੀ ਪੱਧਰ 'ਤੇ ਕਿਸਾਨਾਂ ਨੂੰ ਠੋਸ ਸਹਾਇਤਾ ਅਤੇ ਢੁਕਵੇਂ ਲਾਭ ਪ੍ਰਦਾਨ ਕਰਨਾ ਯਕੀਨੀ ਬਣਾਉਣ ਲਈ ਉੱਨਤ ਤਕਨਾਲੋਜੀਆਂ ਦੀ ਵਰਤੋਂ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਇਸ ਸਬੰਧੀ ਪਾਇਲਟ ਪ੍ਰੋਜੈਕਟ ਲਾਗੂ ਕਰਨ ਅਤੇ ਜ਼ਿਲ੍ਹਿਆਂ ਵਿਚ ਏਆਈ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਆਟੋਮੈਟਿਕ ਵੈਦਰ (ਮੌਸਮ) ਸਟੇਸ਼ਨਾਂ ਦੀ ਸਥਾਪਨਾ, ਫੀਲਡ ਡੇਟਾ ਇਕੱਠਾ ਕਰਨ ਲਈ ਕਿਸਾਨਾਂ ਦੀ ਸ਼ਮੂਲੀਅਤ, ਬਾਗਬਾਨੀ ਕਲੱਸਟਰਾਂ ਨੂੰ ਸਹਾਇਤਾ ਅਤੇ ਏਆਈ-ਅਧਾਰਤ ਪਸ਼ੂਧਨ ਉਤਪਾਦਕਤਾ ਹੱਲਾਂ ਦੇ ਵਿਸਥਾਰ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।
ਖੇਤੀਬਾੜੀ ਮੰਤਰੀ ਨੇ ਆਈਆਈਟੀ ਰੋਪੜ ਵੱਲੋਂ ਖੇਤੀ ਸੈਕਟਰ ਵਿਚ ਖੇਤੀਬਾੜੀ ਦੇ ਸਹੀ ਢੰਗ-ਤਕੀਕਿਆਂ ਅਤੇ ਏਆਈ ਦੀ ਢੁਕਵੀਂ ਵਰਤੋਂ ਸਬੰਧੀ ਨੈਸ਼ਨਲ-ਲੈਵਲ ਦੇ ਕੋਰਸ ਸ਼ੁਰੂ ਕਰਨ ਦੀ ਪਹਿਲਕਦਮੀ ਦਾ ਵੀ ਸਵਾਗਤ ਕੀਤਾ, ਜਿਸਦਾ ਉਦੇਸ਼ ਨੌਜਵਾਨਾਂ ਦਾ ਹੁਨਰ ਵਿਕਾਸ ਅਤੇ ਸਰਕਾਰੀ ਅਧਿਕਾਰੀਆਂ ਦੇ ਸਮਰੱਥਾ ਨਿਰਮਾਣ ਵਿੱਚ ਵਾਧਾ ਕਰਨਾ ਹੈ। ਪੰਜਾਬ ਦੇ ਵਿਦਿਆਰਥੀਆਂ ਅਤੇ ਅਧਿਕਾਰੀਆਂ ਲਈ ਸੀਟਾਂ ਦਾ ਵਿਸ਼ੇਸ਼ ਰਾਖਵਾਂਕਰਨ ਖੇਤੀਬਾੜੀ-ਤਕਨਾਲੋਜੀ ਵਿੱਚ ਰਾਜ ਦੇ ਮਨੁੱਖੀ ਸਰੋਤ ਅਧਾਰ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸਹਿਯੋਗ ਪੰਜਾਬ ਨੂੰ ਏਆਈ-ਅਧਾਰਤ ਖੇਤੀਬਾੜੀ ਸੁਧਾਰਾਂ ਦੇ ਖੇਤਰ ਵਿਚ ਇਕ ਮੋਹਰੀ ਅਤੇ ਮਾਡਲ ਰਾਜ ਵਜੋਂ ਸਥਾਪਿਤ ਕਰੇਗਾ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਪੰਜਾਬ ਸਰਕਾਰ ਦੇ ਠੋਸ ਯਤਨਾਂ ਸਦਕਾ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਸਰੋਤ ਕੁਸ਼ਲਤਾ, ਜਲਵਾਯੂ-ਅਨੁਕੂਲਤਾ ਅਤੇ ਟਿਕਾਊ ਵਿਕਾਸ ਵਿੱਚ ਮਹੱਤਵਪੂਰਨ ਵਾਧਾ ਹੋਣ ਦੀ ਉਮੀਦ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com