ਚੰਡੀਗੜ੍ਹ: ਤੁਹਾਨੂੰ ਵੀ ਕਦੇ ਨਾ ਕਦੇ ਕ੍ਰੈਡਿਟ ਕਾਰਡ ਬਣਵਾਉਣ ਜਾਂ ਆਪਣੇ ਮੌਜੂਦਾ ਕਾਰਡ ਦੀ ਲਿਮਟ ਵਧਵਾਉਣ ਲਈ ਕਿਸੇ ਏਜੰਟ ਦਾ ਫ਼ੋਨ ਜ਼ਰੂਰ ਆਇਆ ਹੋਵੇਗਾ। ਬਹੁਤ ਸਾਰੇ ਲੋਕ ਇਨ੍ਹਾਂ ਫ਼ੋਨ ਕਾਲਜ਼ 'ਤੇ ਬੜੀ ਛੇਤੀ ਭਰੋਸਾ ਕਰ ਲੈਂਦੇ ਹਨ ਤੇ ਆਪਣੀਆਂ ਡਿਟੇਲਜ਼ ਉਨ੍ਹਾਂ ਨਾਲ ਸਾਂਝੀਆਂ ਕਰ ਦਿੰਦੇ ਹਨ। ਇਸੇ ਗੱਲ ਦਾ ਫ਼ਾਇਦਾ ਸਾਈਬਰ ਠੱਗ ਵੀ ਚੁੱਕਣ ਲੱਗ ਪਏ ਹਨ ਤੇ ਭੋਲੇ-ਭਾਲੇ ਲੋਕਾਂ ਦੇ ਪੈਸੇ ਠੱਗਣ ਦਾ ਨਵਾਂ ਰਾਹ ਲੱਭ ਲਿਆ ਹੈ। ਚੰਡੀਗੜ੍ਹ ਦੀ ਸਾਈਬਰ ਕਰਾਈਮ ਪੁਲਸ ਨੇ ਅਜਿਹੇ ਹੀ ਇਕ ਸਾਈਬਰ ਠੱਗੀ ਦੇ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਮਹਿਲਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਲੰਬੇ ਸਮੇਂ ਤੋਂ ਸੰਗਠਿਤ ਢੰਗ ਨਾਲ ਲੋਕਾਂ ਨਾਲ ਆਨਲਾਈਨ ਠੱਗੀ ਕਰ ਰਹੀਆਂ ਸਨ। ਪੁਲਸ ਨੇ ਦੱਸਿਆ ਕਿ ਇਹ ਮਹਿਲਾਵਾਂ ਖ਼ੁਦ ਨੂੰ ਬੈਂਕ ਅਤੇ ਕਰੈਡਿਟ ਕਾਰਡ ਕੰਪਨੀਆਂ ਦੀ ਨੁਮਾਇੰਦਗੀ ਕਰਦੀਆਂ ਹੋਈਆਂ ਦੱਸ ਕੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੀਆਂ ਸਨ।
ਇਹ ਕਾਰਵਾਈ ਸਾਈਬਰ ਕਰਾਈਮ ਪੁਲਸ ਸਟੇਸ਼ਨ, ਯੂ.ਟੀ. ਚੰਡੀਗੜ੍ਹ ਵੱਲੋਂ ਐੱਫ.ਆਈ.ਆਰ. ਨੰਬਰ 150 ਮਿਤੀ 26 ਦਸੰਬਰ 2025 ਤਹਿਤ ਕੀਤੀ ਗਈ ਹੈ। ਮਾਮਲੇ ਵਿਚ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 419, 318(4), 336(3), 338, 340(2) ਅਤੇ 61(2) ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਸ ਮੁਤਾਬਕ ਇਹ ਸਾਰੀ ਕਾਰਵਾਈ ਐਸਪੀ ਸਾਈਬਰ ਕਰਾਈਮ ਮਿਸ ਗੀਤਾਂਜਲੀ ਖੰਡੇਲਵਾਲ, ਆਈ.ਪੀ.ਐੱਸ. ਦੀ ਅਗਵਾਈ ਹੇਠ ਕੀਤੀ ਗਈ, ਜਦਕਿ ਡੀਐਸਪੀ ਸਾਈਬਰ ਕਰਾਈਮ ਏ. ਵੇਂਕਟੇਸ਼ ਦੀ ਰਣਨੀਤਿਕ ਮਾਰਗਦਰਸ਼ਨ ਅਤੇ ਇੰਸਪੈਕਟਰ ਏਰਮ ਰਿਜ਼ਵੀ, ਐੱਸ.ਐੱਚ.ਓ. ਸੈਕਟਰ-17 ਦੀ ਨਿਗਰਾਨੀ ਹੇਠ ਟੀਮ ਨੇ ਇਹ ਸਫਲਤਾ ਹਾਸਲ ਕੀਤੀ। ਪੁਲਸ ਵੱਲੋਂ ਗ੍ਰਿਫ਼ਤਾਰ ਕੀਤੀਆਂ ਗਈਆਂ ਤਿੰਨ ਮਹਿਲਾਵਾਂ ਦੀ ਪਛਾਣ ਪ੍ਰਤੀਮਾ ਸ਼ਰਮਾ ਪੁੱਤਰੀ ਵੀਰੇਂਦਰ ਨਾਥ, ਨਿਵਾਸੀ ਦਿੱਲੀ-18, ਰੌਸ਼ਨੀ ਪੁੱਤਰੀ ਰਾਮ ਸ਼ੰਕਰ, ਨਿਵਾਸੀ ਦਿੱਲੀ-59, ਜੂਹੀ ਸੇਠੀ ਪਤਨੀ ਸੁਰਾਜ ਸੇਠੀ, ਨਿਵਾਸੀ ਦਿੱਲੀ-27 ਵਜੋਂ ਕੀਤੀ ਗਈ ਹੈ।
ਜਾਣੋ ਕੀ ਸੀ ਪੂਰਾ ਮਾਮਲਾ
ਇਹ ਕੇਸ ਚੰਡੀਗੜ੍ਹ ਦੇ ਸੈਕਟਰ-45 ਦੇ ਰਹਿਣ ਵਾਲੇ ਵਿਅਕਤੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਪੀੜਤ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਵਟਸਐਪ ਅਤੇ ਆਮ ਫੋਨ ਕਾਲਾਂ ਰਾਹੀਂ ਇਕ ਅਣਪਛਾਤੀ ਮਹਿਲਾ ਵੱਲੋਂ ਸੰਪਰਕ ਕੀਤਾ ਗਿਆ, ਜਿਸ ਨੇ ਆਪਣੇ ਆਪ ਨੂੰ ਅਮਰੀਕਨ ਐਕਸਪ੍ਰੈਸ ਕਰੈਡਿਟ ਕਾਰਡ ਡਿਪਾਰਟਮੈਂਟ ਦੀ ਨੁਮਾਇੰਦਗੀ ਕਰਦਿਆਂ ਦੱਸਿਆ। ਠੱਗਾਂ ਨੇ ਪੀੜਤ ਨੂੰ ਉਸ ਦਾ ਐੱਸ.ਬੀ.ਆਈ. ਕਰੈਡਿਟ ਕਾਰਡ ਅਮਰੀਕਨ ਐਕਸਪ੍ਰੈਸ ਕਾਰਡ ਵਿਚ ਬਦਲਣ ਅਤੇ ਕਰੈਡਿਟ ਲਿਮਿਟ ਵਧਾਉਣ ਦਾ ਝਾਂਸਾ ਦਿੱਤਾ। ਇਸ ਦੌਰਾਨ ਉਸ ਨੂੰ ਇਕ ਗੂਗਲ ਫਾਰਮ ਦੇ ਨਾਂ ’ਤੇ ਮਾਲੀਸ਼ਸ ਲਿੰਕ ਭੇਜਿਆ ਗਿਆ, ਜਿਸ ’ਤੇ ਕਲਿੱਕ ਕਰਨ ਨਾਲ ਉਸ ਦੇ ਮੋਬਾਈਲ ਫੋਨ ਤੱਕ ਗੈਰਕਾਨੂੰਨੀ ਪਹੁੰਚ ਹਾਸਲ ਕਰ ਲਈ ਗਈ। ਇਸ ਤੋਂ ਬਾਅਦ ਉਸ ਦੇ ਕਰੈਡਿਟ ਕਾਰਡ ਤੋਂ ₹1,73,463 ਦੀ ਰਕਮ ਧੋਖਾਧੜੀ ਨਾਲ ਕੱਟ ਲਈ ਗਈ।
ਦਿੱਲੀ ਤੋਂ ਗ੍ਰਿਫ਼ਤਾਰ ਕੀਤੀਆਂ ਤਿੰਨੇ ਔਰਤਾਂ
ਪੁਲਸ ਵੱਲੋਂ ਕੀਤੀ ਗਈ ਗਹਿਰੀ ਜਾਂਚ ਦੌਰਾਨ CAF, CDR ਵਿਸ਼ਲੇਸ਼ਣ, IP ਐਡਰੈੱਸ ਟ੍ਰੈਕਿੰਗ ਅਤੇ KYC ਵੈਰੀਫਿਕੇਸ਼ਨ ਰਾਹੀਂ ਇਹ ਸਾਹਮਣੇ ਆਇਆ ਕਿ ਇਹ ਗਿਰੋਹ ਦਿੱਲੀ ਦੇ ਅਸ਼ੋਕ ਨਗਰ ਅਤੇ ਉੱਤਮ ਨਗਰ ਇਲਾਕਿਆਂ ਤੋਂ ਆਪਣੀ ਸਰਗਰਮੀ ਚਲਾ ਰਿਹਾ ਸੀ। ਤਕਨੀਕੀ ਸਬੂਤਾਂ ਦੇ ਆਧਾਰ ’ਤੇ ਸੀਨੀਅਰ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਾਅਦ ਤਿਲਕ ਨਗਰ, ਵੈਸਟ ਦਿੱਲੀ ਵਿਚ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਤਿੰਨਾਂ ਮਹਿਲਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੀ ਤਲਾਸ਼ੀ ਅਤੇ ਜ਼ਬਤੀ ਦੌਰਾਨ ਵੱਡੀ ਮਾਤਰਾ ਵਿਚ ਅਪਰਾਧਕ ਸਾਮਾਨ ਬਰਾਮਦ ਹੋਇਆ। ਪੁਲਸ ਨੇ ਉਨ੍ਹਾਂ ਤੋਂ 28 ਮੋਬਾਈਲ ਫੋਨ, 82 ਸਿਮ ਕਾਰਡ, 55 ਏ.ਟੀ.ਐੱਮ. ਕਾਰਡ, 2 ਆਧਾਰ ਕਾਰਡ, 2 ਪੈਨ ਕਾਰਡ, 8 ਡੌਂਗਲ, 27 ਲੈਂਡਲਾਈਨ ਫੋਨ, ਵਾਇਰਲੈੱਸ ਟ੍ਰਾਂਸਮੀਟਰ, ਪਾਸਬੁੱਕਾਂ, ਚੈਕਬੁੱਕਾਂ, ਬੁੱਕ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ ਬਰਾਮਦ ਕੀਤੇ ਹਨ।
ਪੁਲਸ ਅੱਗੇ ਕਬੂਲਿਆ ਜੁਰਮ
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕਈ ਮੋਬਾਈਲ ਫੋਨਾਂ ਵਿਚ ਗਾਹਕਾਂ ਦੇ ਨਾਂ, ਪਤੇ ਅਤੇ ਮੋਬਾਈਲ ਨੰਬਰਾਂ ਦੀਆਂ ਲੰਬੀਆਂ ਸੂਚੀਆਂ ਮੌਜੂਦ ਸਨ, ਜਿਨ੍ਹਾਂ ਦੀ ਵਰਤੋਂ ਕਰਕੇ ਇਹ ਮਹਿਲਾਵਾਂ ਬੈਂਕ ਅਧਿਕਾਰੀ ਬਣ ਕੇ ਲੋਕਾਂ ਨੂੰ ਠੱਗਦੀਆਂ ਸਨ। ਬਰਾਮਦ ਕੀਤੇ ਮੋਬਾਈਲ ਫੋਨ ਉਨ੍ਹਾਂ ਬੈਂਕ ਖਾਤਿਆਂ ਨਾਲ ਜੁੜੇ ਹੋਏ ਸਨ, ਜਿਨ੍ਹਾਂ ਰਾਹੀਂ ਠੱਗੀ ਦੀ ਰਕਮ ਟ੍ਰਾਂਸਫਰ ਕੀਤੀ ਜਾਂਦੀ ਸੀ। ਲੰਬੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਆਪਣੇ ਅਪਰਾਧ ਕਬੂਲ ਕਰਦੇ ਹੋਏ ਆਪਣੇ ਇਕ ਹੋਰ ਸਾਥੀ ਦੀ ਭੂਮਿਕਾ ਬਾਰੇ ਵੀ ਖੁਲਾਸਾ ਕੀਤਾ ਹੈ। ਪੁਲਸ ਮੁਤਾਬਕ ਹੋਰ ਸਾਥੀਆਂ ਦੀ ਪਛਾਣ, ਜਾਅਲਸਾਜ਼ੀ ਨਾਲ ਖੁਲ੍ਹੇ ਬੈਂਕ ਖਾਤਿਆਂ ਦੀ ਜਾਂਚ ਅਤੇ ਠੱਗੀ ਦਾ ਸ਼ਿਕਾਰ ਬਣੇ ਲੋਕਾਂ ਦੀ ਕੁੱਲ ਗਿਣਤੀ ਦਾ ਅੰਦਾਜ਼ਾ ਲਗਾਉਣ ਲਈ ਜਾਂਚ ਅਜੇ ਜਾਰੀ ਹੈ।
ਸਾਵਧਾਨ ਰਹਿਣ ਲੋਕ
ਸਾਈਬਰ ਕਰਾਈਮ ਪੁਲਸ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਬੈਂਕ ਜਾਂ ਕਰੈਡਿਟ ਕਾਰਡ ਕੰਪਨੀਆਂ ਕਦੇ ਵੀ ਵਟਸਐਪ, ਐੱਸ.ਐੱਮ.ਐੱਸ. ਜਾਂ ਈਮੇਲ ਰਾਹੀਂ ਲਿੰਕ ਭੇਜ ਕੇ ਜਾਣਕਾਰੀ ਨਹੀਂ ਮੰਗਦੀਆਂ। ਕਿਸੇ ਵੀ ਅਣਜਾਣ ਕਾਲ ’ਤੇ ਆਪਣਾ OTP, CVV ਨੰਬਰ ਜਾਂ ਬੈਂਕ ਡੀਟੇਲ ਸਾਂਝੀ ਨਾ ਕਰੋ। ਪੁਲਸ ਨੇ ਇਹ ਵੀ ਕਿਹਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਦੇ ਕਹਿਣ ’ਤੇ ਸਕ੍ਰੀਨ-ਸ਼ੇਅਰਿੰਗ ਜਾਂ ਰਿਮੋਟ ਐਕਸੈਸ ਐਪ ਕਦੇ ਵੀ ਇੰਸਟਾਲ ਨਾ ਕੀਤੀ ਜਾਵੇ। ਸਾਈਬਰ ਠੱਗੀ ਦੀ ਸਥਿਤੀ ਵਿਚ ਤੁਰੰਤ ਹੈਲਪਲਾਈਨ ਨੰਬਰ 1930 ’ਤੇ ਸੰਪਰਕ ਕਰੋ ਜਾਂ ਸਰਕਾਰੀ ਸਾਈਬਰ ਕਰਾਈਮ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਓ, ਤਾਂ ਜੋ ਰਕਮ ਵਾਪਸੀ ਦੇ ਮੌਕੇ ਵੱਧ ਸਕਣ।
Credit : www.jagbani.com