ਵਾਸ਼ਿੰਗਟਨ: ਵਿਸ਼ਵ ਪੱਧਰ 'ਤੇ ਵਧ ਰਹੇ ਤਣਾਅ ਦੇ ਵਿਚਕਾਰ ਅਮਰੀਕਾ ਨੇ ਆਪਣਾ ਸਭ ਤੋਂ ਖ਼ਤਰਨਾਕ ਤੇ ਸ਼ਕਤੀਸ਼ਾਲੀ ਜਹਾਜ਼ 'E-4B ਨਾਈਟਵਾਚ' (E-4B Nightwatch), ਜਿਸ ਨੂੰ 'ਡੂਮਸਡੇ ਪਲੇਨ' (Doomsday Plane) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਵਾਸ਼ਿੰਗਟਨ ਡੀ.ਸੀ. ਵਿੱਚ ਤਾਇਨਾਤ ਕਰ ਦਿੱਤਾ ਹੈ। ਇਹ ਜਹਾਜ਼ ਪਿਛਲੀ ਵਾਰ ਜੂਨ 2025 ਵਿੱਚ ਡੀ.ਸੀ. ਵਿੱਚ ਦੇਖਿਆ ਗਿਆ ਸੀ।
ਕਿਉਂ ਵਧੀ ਦੁਨੀਆ ਦੀ ਚਿੰਤਾ?
ਰਿਪੋਰਟਾਂ ਮੁਤਾਬਕ, ਈਰਾਨ 'ਤੇ ਸੰਭਾਵਿਤ ਹਮਲੇ ਦੀਆਂ ਖ਼ਬਰਾਂ, ਵੈਨੇਜ਼ੁਏਲਾ ਵਿਰੁੱਧ ਅਮਰੀਕੀ ਕਾਰਵਾਈ ਅਤੇ ਰੂਸੀ ਜਹਾਜ਼ ਨੂੰ ਜ਼ਬਤ ਕੀਤੇ ਜਾਣ ਤੋਂ ਬਾਅਦ ਗਲੋਬਲ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ। ਅਜਿਹੇ ਸਮੇਂ 'ਚ ਇਸ ਜਹਾਜ਼ ਦਾ ਵਾਸ਼ਿੰਗਟਨ ਦੇ ਅਸਮਾਨ 'ਚ ਦਿਖਾਈ ਦੇਣਾ ਇੱਕ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਕਿਸੇ ਵੀ ਅਣਸੁਖਾਵੀਂ ਸਥਿਤੀ ਜਾਂ ਵੱਡੇ ਟਕਰਾਅ ਲਈ ਤਿਆਰੀ ਕਰ ਰਿਹਾ ਹੈ।
ਜਹਾਜ਼ ਦੀਆਂ ਖ਼ੂਬੀਆਂ ਜੋ ਇਸਨੂੰ ਬਣਾਉਂਦੀਆਂ ਹਨ ਖ਼ਾਸ:
• ਪ੍ਰਮਾਣੂ ਹਮਲੇ ਦਾ ਅਸਰ ਨਹੀਂ: ਇਹ ਜਹਾਜ਼ ਨਾ ਸਿਰਫ਼ ਇੱਕ ਜਹਾਜ਼ ਹੈ, ਸਗੋਂ ਇੱਕ ਉੱਡਦਾ ਫੌਜੀ ਕਮਾਂਡ ਸੈਂਟਰ ਹੈ, ਜਿਸ 'ਤੇ ਪ੍ਰਮਾਣੂ ਧਮਾਕੇ ਤੇ ਇਲੈਕਟ੍ਰੋਮੈਗਨੈਟਿਕ ਪਲਸ (EMP) ਦਾ ਕੋਈ ਅਸਰ ਨਹੀਂ ਹੁੰਦਾ।
• ਉੱਡਦਾ ਵਾਈਟ ਹਾਊਸ: ਕਿਸੇ ਵੱਡੀ ਆਫ਼ਤ ਜਾਂ ਜ਼ਮੀਨੀ ਕਮਾਂਡ ਸੈਂਟਰਾਂ ਦੇ ਤਬਾਹ ਹੋਣ ਦੀ ਸੂਰਤ 'ਚ ਅਮਰੀਕੀ ਰਾਸ਼ਟਰਪਤੀ, ਰੱਖਿਆ ਸਕੱਤਰ ਅਤੇ ਸੀਨੀਅਰ ਫੌਜੀ ਅਧਿਕਾਰੀ ਇਸ ਜਹਾਜ਼ ਤੋਂ ਹੀ ਪੂਰੀ ਦੁਨੀਆ ਵਿੱਚ ਫੌਜੀ ਕਾਰਵਾਈਆਂ ਦਾ ਸੰਚਾਲਨ ਕਰ ਸਕਦੇ ਹਨ।
• ਲਗਾਤਾਰ ਉਡਾਣ: ਇਹ ਜਹਾਜ਼ ਬੋਇੰਗ 747-200 ਦਾ ਇੱਕ ਸੋਧਿਆ ਹੋਇਆ ਰੂਪ ਹੈ, ਜੋ ਹਵਾ ਵਿੱਚ ਤੇਲ ਭਰਨ (Air Refuelling) ਦੀ ਸਹੂਲਤ ਨਾਲ ਲੰਬੇ ਸਮੇਂ ਤੱਕ ਅਸਮਾਨ ਵਿੱਚ ਰਹਿ ਸਕਦਾ ਹੈ।
• ਹਮੇਸ਼ਾ ਤਿਆਰ: ਅਮਰੀਕੀ ਹਵਾਈ ਸੈਨਾ ਦਾ ਘੱਟੋ-ਘੱਟ ਇੱਕ ਅਜਿਹਾ ਜਹਾਜ਼ ਹਰ ਵੇਲੇ ਸਟੈਂਡਬਾਏ (Standby) ਮੋਡ 'ਤੇ ਰਹਿੰਦਾ ਹੈ।
ਲਾਸ ਏਂਜਲਸ 'ਚ ਵੀ ਦਿੱਤੀ ਦਸਤਕ
ਹਾਲ ਹੀ 'ਚ ਇਹ ਜਹਾਜ਼ ਆਪਣੇ 50 ਸਾਲਾਂ ਤੋਂ ਵੱਧ ਦੇ ਇਤਿਹਾਸ 'ਚ ਪਹਿਲੀ ਵਾਰ ਲਾਸ ਏਂਜਲਸ (LAX) ਹਵਾਈ ਅੱਡੇ 'ਤੇ ਵੀ ਦੇਖਿਆ ਗਿਆ, ਜਿਸ ਨੇ ਮਾਹਿਰਾਂ ਅਤੇ ਆਮ ਲੋਕਾਂ ਵਿੱਚ ਭਾਰੀ ਉਤਸੁਕਤਾ ਪੈਦਾ ਕਰ ਦਿੱਤੀ ਹੈ। ਭਾਵੇਂ ਅਜੇ ਤੱਕ ਕਿਸੇ ਅਧਿਕਾਰਤ ਐਮਰਜੈਂਸੀ ਦਾ ਐਲਾਨ ਨਹੀਂ ਕੀਤਾ ਗਿਆ ਹੈ, ਪਰ ਇਸ ਦੀ ਮੌਜੂਦਗੀ ਨੂੰ ਅਮਰੀਕਾ ਦੀ 'ਹਰ ਸਥਿਤੀ ਲਈ ਤਿਆਰੀ' ਵਜੋਂ ਦੇਖਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com