ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਕੇਂਦਰੀ ਕਾਨੂੰਨਾਂ ਨੂੰ ਲੈ ਕੇ ਇੱਕ ਵਾਰ ਫਿਰ ਗਹਿਮਾ-ਗਹਿਮੀ ਤੇਜ਼ ਹੋ ਗਈ ਹੈ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ 'ਤੇ ਕੇਂਦਰ ਸਰਕਾਰ ਦੇ ਕਥਿਤ 'ਪੰਜਾਬ ਵਿਰੋਧੀ' ਬਿੱਲਾਂ 'ਤੇ ਚੁੱਪੀ ਧਾਰਨ ਦੇ ਦੋਸ਼ ਲਾਏ ਹਨ।
ਪਰਗਟ ਸਿੰਘ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਸਿਰਫ਼ ‘ਬੀਜ਼ ਬਿੱਲ’ (Bees Bill) ਦੀ ਗੱਲ ਕਰ ਰਹੇ ਹਨ। ਉਨ੍ਹਾਂ ਸਵਾਲ ਉਠਾਇਆ ਕਿ ਪਿਛਲੇ ਦੋ ਵਿਧਾਨ ਸਭਾ ਸੈਸ਼ਨਾਂ ਦੌਰਾਨ ਕੇਂਦਰ ਵੱਲੋਂ ਸੂਬਿਆਂ 'ਤੇ ਮੜ੍ਹੇ ਜਾ ਰਹੇ ਪੰਜਾਬ ਵਿਰੋਧੀ ਬਿੱਲਾਂ ਵਿਰੁੱਧ ਸਖ਼ਤ ਮਤਾ ਲਿਆਉਣ ਦੀ ਮੰਗ ਕੀਤੀ ਗਈ ਸੀ, ਪਰ ਮੁੱਖ ਮੰਤਰੀ ਇਨ੍ਹਾਂ ਬਾਕੀ ਬਿੱਲਾਂ 'ਤੇ ਪੂਰੀ ਤਰ੍ਹਾਂ ਚੁੱਪ ਹਨ।
ਪਰਗਟ ਸਿੰਘ ਨੇ ਮੁੱਖ ਮੰਤਰੀ ਦੀ ਸਥਿਤੀ 'ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਮਨਰੇਗਾ ਦੀ ਥਾਂ ਲਿਆਂਦੇ ਗਏ VB-GramG ਕਾਨੂੰਨ ਅਤੇ ਸੂਬਿਆਂ 'ਤੇ ਲਗਾਤਾਰ ਵਧਾਏ ਜਾ ਰਹੇ ਵਿੱਤੀ ਬੋਝ ਬਾਰੇ ਵੀ ਭਗਵੰਤ ਮਾਨ ਨੇ ਇੱਕ ਸ਼ਬਦ ਨਹੀਂ ਬੋਲਿਆ। ਉਨ੍ਹਾਂ ਅਨੁਸਾਰ ਇਹ ਮੁੱਦੇ ਪੰਜਾਬ ਦੀ ਆਰਥਿਕਤਾ ਅਤੇ ਲੋਕਾਂ ਲਈ ਬੇਹੱਦ ਗੰਭੀਰ ਹਨ।
ਉਨ੍ਹਾਂ ਨੇ ਬਿਜਲੀ ਸੋਧ ਬਿੱਲ ਅਤੇ ਉਚੇਰੀ ਸਿੱਖਿਆ ਦੇ ਕੇਂਦਰੀਕਰਨ ਵਾਲੇ ਬਿੱਲਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪਾਰਲੀਮੈਂਟ ਸੈਸ਼ਨ ਤੋਂ ਪਹਿਲਾਂ ਇਨ੍ਹਾਂ ਸਾਰੇ ਕਾਨੂੰਨਾਂ ਖ਼ਿਲਾਫ਼ ਇਕਜੁੱਟ ਹੋ ਕੇ ਸਖ਼ਤ ਵਿਰੋਧ ਦਰਜ ਕਰਵਾਇਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਮੋਦੀ ਸਰਕਾਰ ਨੂੰ ਇਨ੍ਹਾਂ ਬਿੱਲਾਂ 'ਤੇ ਅੱਗੇ ਵਧਣ ਤੋਂ ਰੋਕਣ ਲਈ ਪੰਜਾਬ ਨੂੰ ਮਜ਼ਬੂਤੀ ਨਾਲ ਆਪਣਾ ਪੱਖ ਰੱਖਣਾ ਚਾਹੀਦਾ ਹੈ।
Credit : www.jagbani.com