ਨੈਸ਼ਨਲ ਡੈਸਕ : ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਅੱਜ ਇੱਕ ਇਤਿਹਾਸਕ ਪਲ ਦਰਜ ਕੀਤਾ ਗਿਆ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਮਰਹੂਮ ਆਗੂ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਨੇ ਮੁੰਬਈ ਦੇ ਲੋਕ ਭਵਨ ਵਿਖੇ ਸੂਬੇ ਦੇ ਨਵੇਂ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਹ ਮਹਾਰਾਸ਼ਟਰ ਦੀ ਪਹਿਲੀ ਮਹਿਲਾ ਉਪ ਮੁੱਖ ਮੰਤਰੀ ਬਣ ਗਏ ਹਨ। ਰਾਜਪਾਲ ਆਚਾਰੀਆ ਦੇਵਵਰਤ ਨੇ ਉਨ੍ਹਾਂ ਨੂੰ ਸਹੁੰ ਚੁਕਾਈ।
ਵਿਧਾਇਕ ਦਲ ਦੀ ਚੁਣੀ ਗਈ ਨੇਤਾ
ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਸ਼ਨੀਵਾਰ ਦੁਪਹਿਰ ਨੂੰ ਹੋਈ NCP ਵਿਧਾਇਕ ਦਲ ਦੀ ਬੈਠਕ ਵਿੱਚ ਸੁਨੇਤਰਾ ਪਵਾਰ ਨੂੰ ਸਰਵਸੰਮਤੀ ਨਾਲ ਵਿਧਾਇਕ ਦਲ ਦੀ ਨੇਤਾ ਚੁਣਿਆ ਗਿਆ। ਉਨ੍ਹਾਂ ਦੇ ਨਾਮ ਦਾ ਪ੍ਰਸਤਾਵ ਸੀਨੀਅਰ ਆਗੂ ਦਿਲੀਪ ਵਲਸੇ ਪਾਟਿਲ ਨੇ ਰੱਖਿਆ ਅਤੇ ਛਗਨ ਭੁਜਬਲ ਸਮੇਤ ਹੋਰਨਾਂ ਆਗੂਆਂ ਨੇ ਇਸ ਦਾ ਸਮਰਥਨ ਕੀਤਾ। ਇਸ ਨਵੀਂ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਉਨ੍ਹਾਂ ਨੇ ਆਪਣੀ ਰਾਜ ਸਭਾ ਮੈਂਬਰੀ ਤੋਂ ਅਸਤੀਫਾ ਵੀ ਦੇ ਦਿੱਤਾ ਹੈ।
ਅਜੀਤ ਪਵਾਰ ਦੀ ਮੌਤ ਤੋਂ ਬਾਅਦ ਸੰਭਾਲੀ ਕਮਾਨ
ਸੁਨੇਤਰਾ ਪਵਾਰ ਦੀ ਇਹ ਨਿਯੁਕਤੀ ਉਨ੍ਹਾਂ ਦੇ ਪਤੀ ਅਤੇ ਸਾਬਕਾ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਅਚਾਨਕ ਦੇਹਾਂਤ ਕਾਰਨ ਹੋਈ ਹੈ, ਜਿਨ੍ਹਾਂ ਦੀ ਬੀਤੀ 28 ਜਨਵਰੀ ਨੂੰ ਬਾਰਾਮਤੀ ਵਿੱਚ ਇੱਕ ਜਹਾਜ਼ ਹਾਦਸੇ ਦੌਰਾਨ ਮੌਤ ਹੋ ਗਈ ਸੀ। ਪਾਰਟੀ ਅਨੁਸਾਰ ਜਨਤਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।
ਸ਼ਰਦ ਪਵਾਰ ਅਤੇ ਸੁਪ੍ਰੀਆ ਸੁਲੇ ਰਹੇ ਗੈਰ-ਹਾਜ਼ਰ
ਸਹੁੰ ਚੁੱਕ ਸਮਾਗਮ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਦੂਜੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਸਮੇਤ NCP ਦੇ ਕਈ ਦਿੱਗਜ ਆਗੂ ਮੌਜੂਦ ਸਨ। ਹਾਲਾਂਕਿ, ਪਰਿਵਾਰਕ ਮੈਂਬਰ ਹੋਣ ਦੇ ਬਾਵਜੂਦ NCP ਦੇ ਸੰਸਥਾਪਕ ਸ਼ਰਦ ਪਵਾਰ ਅਤੇ ਸੁਪ੍ਰੀਆ ਸੁਲੇ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ। ਸਰੋਤਾਂ ਅਨੁਸਾਰ ਸ਼ਰਦ ਪਵਾਰ ਨੇ ਪਹਿਲਾਂ ਹੀ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਸਹੁੰ ਚੁੱਕ ਸਮਾਗਮ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com