PM ਮੋਦੀ ਦੇ ਜਲੰਧਰ ਦੌਰੇ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ

PM ਮੋਦੀ ਦੇ ਜਲੰਧਰ ਦੌਰੇ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਡਾ. ਸਿੱਧੂ ਨੇ ਟਵਿੱਟਰ 'ਤੇ ਤਿੰਨ ਪੋਸਟਾਂ ਸਾਂਝੀਆਂ ਕਰਕੇ ਪ੍ਰਧਾਨ ਮੰਤਰੀ ਮੋਦੀ ਦੀ ਰੱਜ ਕੇ ਤਾਰੀਫ਼ ਕੀਤੀ ਅਤੇ ਉਨ੍ਹਾਂ ਦੇ ਦੌਰੇ ਦਾ ਵਿਰੋਧ ਕਰਨ ਵਾਲੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ 'ਸਿਆਸੀ ਚੋਰ' ਕਰਾਰ ਦਿੱਤਾ ਹੈ।

ਡਾ. ਨਵਜੋਤ ਕੌਰ ਸਿੱਧੂ ਨੇ ਸਵਾਲ ਕੀਤਾ ਕਿ ਜਦੋਂ ਵੀ ਦੇਸ਼ ਦਾ ਮੁਖੀ ਪੰਜਾਬ ਨੂੰ ਕੁਝ ਵੱਡਾ ਦੇਣ ਆਉਂਦਾ ਹੈ, ਤਾਂ ਸਾਰੇ 'ਸਿਆਸੀ ਚੋਰ' ਉਨ੍ਹਾਂ ਦੇ ਆਗਮਨ ਵਿਚ ਰੁਕਾਵਟ ਪਾਉਣ ਲਈ ਇਕ ਮੰਚ 'ਤੇ ਕਿਉਂ ਇਕੱਠੇ ਹੋ ਜਾਂਦੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਵਾਰਥੀ ਸਰਕਾਰਾਂ ਨੇ ਆਪਣੇ ਪਰਿਵਾਰਾਂ ਲਈ ਤਾਂ ਬੇਸ਼ੁਮਾਰ ਦੌਲਤ ਜਮ੍ਹਾਂ ਕਰ ਲਈ ਹੈ, ਪਰ ਜਦੋਂ ਪੰਜਾਬ ਲਈ ਕੁਝ ਕਰਨ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਦਾ ਜਵਾਬ 'ਨਾ' ਹੁੰਦਾ ਹੈ। ਉਨ੍ਹਾਂ ਨੇ ਅਜਿਹੇ ਆਗੂਆਂ ਨੂੰ 'ਡਰਾਮੇਬਾਜ਼' ਦੱਸਦਿਆਂ ਕਿਹਾ ਕਿ ਉਹ ਸਿਰਫ਼ ਝੂਠੇ ਪ੍ਰਚਾਰ ਦੇ ਸਹਾਰੇ ਜਿਉਂਦੇ ਹਨ।

ਪੰਜਾਬੀਆਂ ਨੂੰ ਖੁੱਲ੍ਹੇ ਦਿਲ ਨਾਲ ਸਵਾਗਤ ਕਰਨ ਦੀ ਅਪੀਲ 

ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਆਗੂਆਂ ਦੇ ਬਹਿਕਾਵੇ ਵਿਚ ਨਾ ਆਉਣ ਅਤੇ ਆਪਣੇ ਅਸਲੀ ਸੁਭਾਅ ਅਨੁਸਾਰ 'ਖੁੱਲ੍ਹੇ ਦਿਲ ਅਤੇ ਪਿਆਰ' ਨਾਲ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ। ਉਨ੍ਹਾਂ ਮੁਤਾਬਕ ਪੀ.ਐੱਮ. ਮੋਦੀ ਨੇ ਆਪਣੀ ਮਿਹਨਤ ਸਦਕਾ ਉਹ ਸਥਾਨ ਹਾਸਲ ਕੀਤਾ ਹੈ ਕਿ ਉਹ ਸੂਬੇ ਲਈ ਕੁਝ ਮਹਾਨ ਕਰ ਸਕਣ ਅਤੇ ਸਾਨੂੰ ਇਸ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਰਗੀਆਂ ਪਾਰਟੀਆਂ ਵੱਲੋਂ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਜਿਸ ਨੂੰ ਡਾ. ਸਿੱਧੂ ਨੇ ਸਿਆਸੀ ਸਟੰਟ ਦੱਸਿਆ ਹੈ।

Credit : www.jagbani.com

  • TODAY TOP NEWS