ਚੰਡੀਗੜ੍ਹ- ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕਰਕੇ ਪੰਜਾਬ ਦੀ ਸਿਆਸਤ 'ਚ ਭੂਚਾਲ ਲੈ ਆਂਦਾ ਹੈ। ਕਾਂਗਰਸ ਛੱਡਣ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਅਗਲਾ ਪਲਾਨ ਵੀ ਸਾਂਝਾ ਕਰ ਦਿੱਤਾ ਹੈ। ਡਾ. ਨਵਜੋਤ ਕੌਰ ਸਿੱਧੂ ਨੇ ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ 'ਤੇ ਵਿਰਾਮ ਲਗਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਇਸ ਵੇਲੇ ਸਿਆਸਤ ਤੋਂ ਦੂਰ ਅਧਿਆਤਮਿਕ ਰਸਤੇ 'ਤੇ ਚੱਲ ਰਹੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੇ ਕੀਤੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਸ਼ਾਇਦ ਉਨ੍ਹਾਂ ਬਹੁਤ ਘੱਟ ਲੋਕਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਸਿਆਸੀ ਕਾਰਨਾਂ ਕਰਕੇ ਨਾ ਤਾਂ ਭਾਜਪਾ, ਨਾ 'ਆਪ' ਅਤੇ ਨਾ ਹੀ ਕਿਸੇ ਹੋਰ ਪਾਰਟੀ ਦੇ ਆਗੂ ਨਾਲ ਮੁਲਾਕਾਤ ਕੀਤੀ ਹੈ।
ਸਿੱਧੂ ਨੇ ਸਾਫ਼ ਕੀਤਾ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਿਰਫ਼ ਆਪਣੇ ਨਿੱਜੀ ਦ੍ਰਿਸ਼ਟੀਕੋਣ ਅਤੇ ਚੇਤਨਾ ਦੇ ਅਧਾਰ 'ਤੇ ਗੱਲ ਕਰ ਰਹੇ ਹਨ ਕਿਉਂਕਿ ਉਹ ਸਿਰਫ਼ ਵਾਹਿਗੁਰੂ ਜੀ ਅੱਗੇ ਜਵਾਬਦੇਹ ਹਨ ਅਤੇ ਕਿਸੇ ਹੋਰ ਅੱਗੇ ਨਹੀਂ।

NGO ਰਾਹੀਂ ਪੰਜਾਬ ਦੀ ਸੇਵਾ ਕਰਨ ਦੀ ਇੱਛਾ
ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ, ਜਿਸ ਲਈ ਉਹ ਇੱਕ NGO ਬਣਾਉਣ ਬਾਰੇ ਸੋਚ ਰਹੇ ਹਨ। ਉਨ੍ਹਾਂ ਦਾ ਮੁੱਖ ਮਕਸਦ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਸਮਝ ਕੇ ਆਪਣੀ ਰੂਹ ਦੇ ਵਿਕਾਸ ਲਈ ਕੰਮ ਕਰਨਾ ਹੈ।
ਨਵਜੋਤ ਕੌਰ ਸਿੱਧੂ ਨੇ ਦੱਸਿਆ ਕਿ ਉਹ ਅਜਿਹੇ ਸੰਤਾਂ ਦੀ ਸੰਗਤ ਵਿੱਚ ਰਹਿਣਾ ਚਾਹੁੰਦੇ ਹਨ ਜੋ ਉਨ੍ਹਾਂ ਨੂੰ ਨਿਸ਼ਕਾਮ ਸੇਵਾ ਅਤੇ ਰੂਹਾਨੀ ਵਿਕਾਸ ਬਾਰੇ ਸਿਖਾ ਸਕਣ। ਉਨ੍ਹਾਂ ਨੇ ਹਾਲ ਹੀ ਵਿੱਚ ਭਗਵਤ ਗੀਤਾ ਦੀਆਂ ਸਿੱਖਿਆਵਾਂ ਨਾਲ ਤਿੰਨ ਦਿਨਾਂ ਦਾ ਅਨੰਦਮਈ ਸਮਾਂ ਬਿਤਾਇਆ ਅਤੇ ਪ੍ਰੇਮਾਨੰਦ ਮਹਾਰਾਜ ਜੀ ਵਰਗੇ ਪ੍ਰਬੁੱਧ ਸੰਤਾਂ ਦਾ ਆਸ਼ੀਰਵਾਦ ਵੀ ਲਿਆ, ਜਿਨ੍ਹਾਂ ਨੇ ਕਈ ਰੂਹਾਂ ਦੇ ਵਿਕਾਸ ਵਿੱਚ ਮਦਦ ਕੀਤੀ ਹੈ।
ਇਸ ਬਿਆਨ ਤੋਂ ਸਪੱਸ਼ਟ ਹੁੰਦਾ ਹੈ ਕਿ ਨਵਜੋਤ ਕੌਰ ਸਿੱਧੂ ਫਿਲਹਾਲ ਸਿਆਸੀ ਸਰਗਰਮੀਆਂ ਦੀ ਬਜਾਏ ਅਧਿਆਤਮਿਕਤਾ ਅਤੇ ਸਮਾਜ ਸੇਵਾ ਨੂੰ ਪਹਿਲ ਦੇ ਰਹੇ ਹਨ।
Credit : www.jagbani.com