ਚੰਡੀਗੜ੍ਹ : ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਇੱਕ ਵਾਰ ਫਿਰ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇ ਦਾਅਵਿਆਂ 'ਤੇ ਸਵਾਲ ਖੜ੍ਹੇ ਕੀਤੇ ਹਨ। ਖਹਿਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕਰਦਿਆਂ ਇਲਜ਼ਾਮ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟ ਅਫਸਰਾਂ ਨੂੰ ਨਾ ਸਿਰਫ਼ ਬਚਾ ਰਹੀ ਹੈ, ਸਗੋਂ ਉਨ੍ਹਾਂ ਨੂੰ ਅਹਿਮ ਅਹੁਦਿਆਂ 'ਤੇ ਦੁਬਾਰਾ ਤਾਇਨਾਤ ਵੀ ਕਰ ਰਹੀ ਹੈ।
ਸੁਖਪਾਲ ਖਹਿਰਾ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਬਲਾਕ ਸੰਮਤੀ ਖੰਨਾ ਦੇ ਸਾਬਕਾ ਚੇਅਰਮੈਨ ਸਤਨਾਮ ਸਿੰਘ ਨਜ਼ਰ ਆ ਰਹੇ ਹਨ। ਖਹਿਰਾ ਅਨੁਸਾਰ, ਇਹ ਵੀਡੀਓ BDPO ਕੁਲਵਿੰਦਰ ਰੰਧਾਵਾ ਵੱਲੋਂ ਕੀਤੇ ਗਏ 58 ਲੱਖ ਰੁਪਏ ਦੇ ਘਪਲੇ ਦੀ ਸੱਚਾਈ ਬਿਆਨ ਕਰਦੀ ਹੈ। ਜ਼ਿਕਰਯੋਗ ਹੈ ਕਿ ਕੁਲਵਿੰਦਰ ਰੰਧਾਵਾ ਇਸ ਸਮੇਂ ਨਡਾਲਾ ਵਿਖੇ BDPO ਵਜੋਂ ਤਾਇਨਾਤ ਹਨ ਅਤੇ ਖਹਿਰਾ ਨੇ ਉਨ੍ਹਾਂ 'ਤੇ ਆਪਣੀ ਜਾਇਦਾਦ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਢਾਹੁਣ ਦੇ ਗੰਭੀਰ ਇਲਜ਼ਾਮ ਵੀ ਲਾਏ ਹਨ।
ਖਹਿਰਾ ਨੇ ਦਾਅਵਾ ਕੀਤਾ ਕਿ ਇਹ ਅਧਿਕਾਰੀ ਪਹਿਲਾਂ ਵੀ ਅਮਲੋਹ ਵਿੱਚ 45 ਲੱਖ ਰੁਪਏ ਦੇ ਘਪਲੇ ਵਿੱਚ ਗ੍ਰਿਫਤਾਰ ਅਤੇ ਮੁਅੱਤਲ ਹੋ ਚੁੱਕਾ ਹੈ। ਉਨ੍ਹਾਂ ਸਵਾਲ ਕੀਤਾ ਕਿ ਅਜਿਹੇ ਦਾਗੀ ਅਫਸਰ ਵਿਰੁੱਧ ਕੋਈ FIR ਕਿਉਂ ਦਰਜ ਨਹੀਂ ਕੀਤੀ ਗਈ ਅਤੇ ਉਸਨੂੰ ਗ੍ਰਿਫਤਾਰ ਕਰਨ ਦੀ ਬਜਾਏ ਦੁਬਾਰਾ ਨੌਕਰੀ 'ਤੇ ਕਿਉਂ ਬਹਾਲ ਕੀਤਾ ਗਿਆ? ਖਹਿਰਾ ਨੇ ਪੁੱਛਿਆ ਕਿ ਕੀ ਇਸ ਅਫਸਰ ਨੂੰ ਸਿਰਫ਼ ਉਨ੍ਹਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਵਾਅਦੇ 'ਤੇ ਬਹਾਲ ਕੀਤਾ ਗਿਆ ਹੈ?
ਖਹਿਰਾ ਨੇ ਇਸ ਮਾਮਲੇ ਵਿੱਚ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ 'ਤੇ ਵੀ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸ ਅਧਿਕਾਰੀ ਨੂੰ ਸੌਂਧ ਨੇ 2023 ਵਿੱਚ ਵਿਧਾਇਕ ਹੁੰਦਿਆਂ ਮੁਅੱਤਲ ਕਰਵਾਇਆ ਸੀ, ਹੁਣ ਪੇਂਡੂ ਵਿਕਾਸ ਮੰਤਰੀ ਬਣਦਿਆਂ ਹੀ ਉਸੇ ਅਫਸਰ ਨੂੰ ਬਹਾਲ ਕਰਕੇ ਨਡਾਲਾ ਵਿਖੇ ਤਾਇਨਾਤ ਕਰ ਦਿੱਤਾ ਗਿਆ ਹੈ। ਖਹਿਰਾ ਨੇ ਦੋਸ਼ ਲਾਇਆ ਕਿ ਇਹ ਸਾਰਾ ਘਟਨਾਕ੍ਰਮ ਦਰਸਾਉਂਦਾ ਹੈ ਕਿ 'ਆਪ' ਸਰਕਾਰ ਭ੍ਰਿਸ਼ਟ ਅਫਸਰਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ।
Credit : www.jagbani.com