ਪਹਿਲਾਂ ਕਿਹਾ 'ਪੈਰੀਂ ਪੈਣਾ' ਫਿਰ ਦਿਖਾਈ ਪਿਸਤੌਲ, ਲੁਟੇਰੇ ਮਨੀ ਐਕਸਚੇਂਜਰ ਤੋਂ 600 ਯੂਰੋ ਲੁੱਟ ਹੋਏ ਫਰਾਰ

ਪਹਿਲਾਂ ਕਿਹਾ 'ਪੈਰੀਂ ਪੈਣਾ' ਫਿਰ ਦਿਖਾਈ ਪਿਸਤੌਲ, ਲੁਟੇਰੇ ਮਨੀ ਐਕਸਚੇਂਜਰ ਤੋਂ 600 ਯੂਰੋ ਲੁੱਟ ਹੋਏ ਫਰਾਰ

ਜਲੰਧਰ - ਨੰਦਨਪੁਰ ਰੋਡ ’ਤੇ ਫਿਲਮੀ ਸਟਾਈਲ ਵਿਚ ਮਨੀ ਐਕਸਚੇਂਜਰ ਦੀ ਦੁਕਾਨ ਚਲਾਉਣ ਵਾਲੇ ਸਾਬਕਾ ਫੌਜੀ ਨੇ ਵਿਦੇਸ਼ੀ ਕਰੰਸੀ ਲੁੱਟਣ ਆਏ ਲੁਟੇਰੇ ਤੋਂ ਵਿਦੇਸ਼ੀ ਪਿਸਤੌਲ ਖੋਹ ਕੇ ਉਨ੍ਹਾਂ ਨੂੰ ਸੜਕ ’ਤੇ ਭਜਾਇਆ। ਭੱਜਦੇ ਲੁਟੇਰਿਆਂ ’ਤੇ ਸਾਬਕਾ ਫੌਜੀ ਨੇ ਲੁਟੇਰਿਆਂ ਦੀ ਹੀ ਪਿਸਤੌਲ ਨਾਲ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਗੋਲੀ ਨਹੀਂ ਚੱਲੀ। ਫੌਜੀ ਨੇ ਪਿਸਤੌਲ ਭਾਰੀ ਹੋਣ ਕਾਰਨ ਲੁਟੇਰੇ ਦੇ ਸਿਰ ’ਤੇ ਮਾਰਨੀ ਚਾਹੀ ਪਰ ਨਿਸ਼ਾਨਾ ਖੁੰਝ ਗਿਆ। ਵਾਰਦਾਤ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਏ. ਐੱਸ. ਪੀ. ਨਾਰਥ ਅਸ਼ੋਕ ਮੀਣਾ ਅਤੇ ਥਾਣਾ ਨੰ. 1 ਦੀ ਪੁਲਸ ਮੌਕੇ ’ਤੇ ਪਹੁੰਚ ਗਈ।

ਜਾਣਕਾਰੀ ਦਿੰਦੇ ਹੋਏ ਸਾਬਕਾ ਫੌਜੀ ਤਜਿੰਦਰ ਸਿੰਘ ਨੇ ਦੱਸਿਆ ਕਿ ਉਹ ਨੰਦਨਪੁਰ ਰੋਡ ’ਤੇ ‘ਕਮਲ ਟੂਰ ਐਂਡ ਟ੍ਰੈਵਲਜ਼’ ਦੇ ਨਾਲ-ਨਾਲ ਪ੍ਰਾਪਰਟੀ ਦਾ ਕੰਮ ਕਰਦੇ ਹਨ। ਸ਼ੁੱਕਰਵਾਰ ਲੱਗਭਗ 2.54 ਵਜੇ ਇਕ ਨੌਜਵਾਨ ਉਨ੍ਹਾਂ ਦੀ ਦੁਕਾਨ ਵਿਚ ਆਇਆ ਅਤੇ ਉਨ੍ਹਾਂ ਨੂੰ ‘ਪੈਰੀਂ ਪੈਣਾ’ ਕਿਹਾ। ਨੌਜਵਾਨ ਨੇ ਤਜਿੰਦਰ ਸਿੰਘ ਨੂੰ ਕਿਹਾ ਕਿ ਉਸ ਦਾ ਯੂਰਪ ਦਾ ਵੀਜ਼ਾ ਲੱਗ ਗਿਆ ਹੈ ਅਤੇ ਉਸ ਨੂੰ 600 ਯੂਰੋ ਚਾਹੀਦੇ ਹਨ। ਨੌਜਵਾਨ ਨੇ ਕੁੱਲ ਰਕਮ ਵੀ ਪੁੱਛੀ, ਜਿਸ ਤੋਂ ਬਾਅਦ ਉਸ ਨੇ ਸਕੈਨਰ ਮੰਗਿਆ ਅਤੇ ਪੈਸੇ ਸਕੈਨਰ ’ਤੇ ਪਾਉਣ ਦੀ ਗੱਲ ਕਹੀ।

ਤਜਿੰਦਰ ਸਿੰਘ ਨੇ ਕਿਹਾ ਕਿ ਪੈਸੇ ਟਰਾਂਸਫਰ ਹੋਣ ਦਾ ਕੋਈ ਮੈਸੇਜ ਨਹੀਂ ਆਇਆ ਪਰ ਉਸ ਨੇ 600 ਯੂਰੋ ਗਿਣ ਕੇ ਟੇਬਲ ’ਤੇ ਰੱਖ ਦਿੱਤੇ। ਮੈਸੇਜ ਨਾ ਆਉਣ ’ਤੇ ਉਸ ਨੇ ਨੌਜਵਾਨ ਨੂੰ ਕੈਸ਼ ਦੇਣ ਲਈ ਕਿਹਾ ਪਰ ਇਸੇ ਦੌਰਾਨ ਉਕਤ ਨੌਜਵਾਨ ਨੇ ਪਿਸਤੌਲ ਕੱਢ ਕੇ ਪਹਿਲਾਂ ਤਾਂ ਉਸ ਦੀ ਕੰਨਪਟੀ ’ਤੇ ਰੱਖਿਆ ਅਤੇ ਬਾਅਦ ਵਿਚ ਪੇਟ ’ਤੇ ਲਾ ਦਿੱਤਾ। ਉਸ ਨੇ ਨੌਜਵਾਨ ਨੂੰ ਸਾਰੇ ਯੂਰੋ ਰੱਖਣ ਦੀ ਆਫਰ ਦਿੱਤੀ ਅਤੇ ਜਿਵੇਂ ਹੀ ਲੁਟੇਰੇ ਨੇ ਟੇਬਲ ਤੋਂ ਯੂਰੋ ਚੁੱਕਣ ਲਈ ਪਿਸਤੌਲ ਨੀਵਾਂ ਕੀਤਾ ਤਾਂ ਉਸ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਪਿਸਤੌਲ ਖੋਹ ਲਿਆ।

ਸਾਬਕਾ ਫੌਜੀ ਨੇ ਕਿਹਾ ਕਿ ਉਸ ਨੇ ਲੁਟੇਰੇ ਨੂੰ ਤਿੰਨ ਤੋਂ ਚਾਰ ਵਾਰ ਕੰਧ ’ਤੇ ਮਾਰਿਆ ਅਤੇ ਉਹ ਬਾਹਰ ਭੱਜਣ ਲੱਗਾ। ਜਿਵੇਂ ਹੀ ਲੁਟੇਰਾ ਦੁਕਾਨ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਿਆ ਤਾਂ ਪਹਿਲਾਂ ਹੀ ਮੋਟਰਸਾਈਕਲ ਸਟਾਰਟ ਕਰ ਕੇ ਖੜ੍ਹੇ ਆਪਣੇ ਸਾਥੀ ਦੇ ਪਿੱਛੇ ਬੈਠ ਕੇ ਫਰਾਰ ਹੋ ਗਿਆ। ਸਾਬਕਾ ਫੌਜੀ ਨੇ ਪਹਿਲਾਂ ਤਾਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਫਾਇਰ ਨਾ ਹੋਣ ’ਤੇ ਉਸ ਨੇ ਪਿੱਛੇ ਬੈਠੇ ਲੁਟੇਰੇ ਦੇ ਸਿਰ ’ਤੇ ਪਿਸਤੌਲ ਮਾਰਨੀ ਚਾਹੀ ਪਰ ਉਹ ਨਹੀਂ ਲੱਗੀ ਅਤੇ ਲੁਟੇਰੇ 600 ਯੂਰੋ ਲੈ ਕੇ ਫਰਾਰ ਹੋ ਗਏ।

ਪੁਲਸ ਨੂੰ ਫੋਨ ਕੀਤਾ ਤਾਂ ਕਿਸੇ ਨੇ ਨਹੀਂ ਚੁੱਕਿਆ
ਸਾਬਕਾ ਫੌਜੀ ਤਜਿੰਦਰ ਸਿੰਘ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਉਸ ਨੇ ਕਈ ਵਾਰ ਪੁਲਸ ਨੂੰ ਫੋਨ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਇਸੇ ਦੌਰਾਨ ਉਸ ਦਾ ਜਾਣਕਾਰ ਪੁਲਸ ਮੁਲਾਜ਼ਮ ਦੁਕਾਨ ’ਤੇ ਆਇਆ, ਜਿਸ ਨੇ ਥਾਣਾ ਨੰ. 1 ਦੀ ਪੁਲਸ ਨੂੰ ਸੂਚਨਾ ਦਿੱਤੀ ਅਤੇ ਫਿਰ ਜਾ ਕੇ ਏ. ਐੱਸ. ਪੀ. ਨਾਰਥ ਅਸ਼ੋਕ ਮੀਣਾ ਅਤੇ ਥਾਣਾ ਨੰ. 1 ਦੇ ਇੰਚਾਰਜ ਰਾਕੇਸ਼ ਕੁਮਾਰ ਆਪਣੀ ਟੀਮ ਦੇ ਨਾਲ ਮੌਕੇ ’ਤੇ ਪਹੁੰਚੇ। ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਢਵਾ ਕੇ ਲੁਟੇਰਿਆਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ। ਥਾਣਾ ਨੰ. 1 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਕਿਹਾ ਕਿ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸਾਬਕਾ ਫੌਜੀ ਨੇ ਲੁਟੇਰਿਆਂ ਦਾ ਪਿਸਤੌਲ ਪੁਲਸ ਦੇ ਹਵਾਲੇ ਕਰ ਦਿੱਤਾ ਹੈ, ਜੋ ਮੇਡ ਇਨ ਆਸਟ੍ਰੇਲੀਆ ਹੈ ਪਰ ਅਸਲੀ ਨਹੀਂ। ਹਾਲਾਂਕਿ ਉਸ ਨਾਲ ਫਾਇਰ ਹੋਣ ’ਤੇ ਕਿਸੇ ਵਿਅਕਤੀ ਨੂੰ ਗੰਭੀਰ ਸੱਟ ਜ਼ਰੂਰ ਲੱਗ ਸਕਦੀ ਹੈ।

9 ਸਾਲ ਤੱਕ ਫੌਜ ਵਿਚ ਰਿਹਾਂ, ਜਿਵੇਂ ਹੀ ਧਿਆਨ ਭਟਕਿਆ ਤਾਂ ਪਿਸਤੌਲ ਖੋਹ ਕੇ ਉਹੀ ਬਾਂਹ ਮਰੋੜ ਕੇ ਪਿੱਠ ’ਤੇ ਲਾਈ ਪਿਸਤੌਲ : ਸਾਬਕਾ ਫੌਜੀ
ਤਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਫੌਜ ਵਿਚ 9 ਸਾਲ ਨੌਕਰੀ ਕੀਤੀ। ਵਿਦੇਸ਼ ਵਿਚ ਵੀਜ਼ਾ ਲੱਗਣ ’ਤੇ ਉਸ ਨੇ ਨੌਕਰੀ ਛੱਡ ਦਿੱਤੀ ਸੀ ਪਰ ਫੌਜ ਵਿਚ ਰਹਿੰਦੇ ਸਮੇਂ ਉਹ ਕਾਫੀ ਸਮਾਂ ਜੰਮੂ-ਕਸ਼ਮੀਰ ਵਿਚ ਰਿਹਾ। ਉਸ ਨੂੰ ਸਾਰੀ ਟ੍ਰੇਨਿੰਗ ਦਿੱਤੀ ਗਈ ਸੀ ਕਿ ਕਿਵੇਂ ਅੱਤਵਾਦੀਆਂ ਤੋਂ ਹਥਿਆਰ ਖੋਹਣੇ ਹਨ। ਉਹੀ ਟ੍ਰੇਨਿੰਗ ਉਸ ਦੇ ਕੰਮ ਆ ਗਈ। ਸਾਬਕਾ ਫੌਜੀ ਨੇ ਕਿਹਾ ਕਿ ਜਦੋਂ ਉਸ ਨੇ ਲੁਟੇਰੇ ਨੂੰ ਪਿਆਰ ਨਾਲ ਯੂਰੋ ਲਿਜਾਣ ਲਈ ਕਿਹਾ ਤਾਂ ਉਹ ਢਿੱਲਾ ਹੋ ਗਿਆ ਸੀ ਅਤੇ ਪਿਸਤੌਲ ਉਸ ਤੋਂ ਹਟਾ ਕੇ ਯੂਰੋ ਚੁੱਕ ਕੇ ਜੇਬ ਵਿਚ ਪਾਉਣ ਲੱਗਾ ਤਾਂ ਮੌਕਾ ਦੇਖ ਕੇ ਉਸ ਨੇ ਪਿਸਤੌਲ ਖੋਹ ਲਿਆ ਅਤੇ ਉਸ ਦੀ ਬਾਂਹ ਮੋੜ ਕੇ ਉਸੇ ਦੀ ਪਿਸਤੌਲ ਪਿੱਠ ’ਤੇ ਲਾ ਦਿੱਤੀ। ਉਨ੍ਹਾਂ ਕਿਹਾ ਕਿ ਲੁਟੇਰਾ ਵੀ ਹੱਟਾ-ਕੱਟਾ ਸੀ, ਜਿਸ ਨੇ ਛੁਡਵਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਨੇ ਲੁਟੇਰੇ ਨੂੰ ਤਿੰਨ ਤੋਂ ਚਾਰ ਵਾਰ ਕੰਧ ’ਤੇ ਮਾਰਿਆ ਅਤੇ ਫਿਰ ਉਹ ਹੱਥ ਛੁਡਵਾ ਕੇ ਬਾਹਰ ਖੜ੍ਹੇ ਸਾਥੀ ਦੇ ਮੋਟਰਸਾਈਕਲ ’ਤੇ ਬੈਠ ਕੇ ਫਰਾਰ ਹੋ ਗਿਆ।
 

Credit : www.jagbani.com

  • TODAY TOP NEWS