
ਚੰਡੀਗੜ੍ਹ/ਭੁਲੱਥ (ਅੰਕੁਰ ਤਾਂਗੜੀ) : ਪੰਜਾਬ 'ਚ ਹੋ ਰਹੇ ਕਥਿਤ ਪੁਲਸ ਮੁਕਾਬਲਿਆਂ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਸੂਬਾ ਸਰਕਾਰ ’ਤੇ ਗੰਭੀਰ ਦੋਸ਼ ਲਗਾਏ ਹਨ। ਖਹਿਰਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਹੋਏ ਕਈ ਪੁਲਸ ਮੁਕਾਬਲੇ ਸ਼ੱਕ ਦੇ ਘੇਰੇ 'ਚ ਹਨ ਅਤੇ ਇਨ੍ਹਾਂ ਦੀ ਨਿਰਪੱਖ ਜਾਂਚ ਹੋਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਮਾਮਲਿਆਂ 'ਚ ਪੁਲਸ ਵੱਲੋਂ ਦੱਸੀ ਜਾ ਰਹੀ ਕਹਾਣੀ ਹਕੀਕਤ ਨਾਲ ਮੇਲ ਨਹੀਂ ਖਾਂਦੀ, ਜਿਸ ਕਰਕੇ ਲੋਕਾਂ ਦੇ ਮਨ 'ਚ ਸ਼ੱਕ ਪੈਦਾ ਹੋ ਰਿਹਾ ਹੈ। ਗੁਰਦਾਸਪੁਰ ਪੁਲਸ ਮੁਲਾਜ਼ਮਾਂ ਦੀ ਮੌਤ ਮਾਮਲੇ ਬਾਰੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਪੁਲਸ ਨੇ ਪਹਿਲਾਂ ਦੱਸਿਆ ਕਿ ਦੋ ਪੁਲਸ ਮੁਲਾਜ਼ਮਾਂ ਨੇ ਆਪਸ 'ਚ ਗੋਲੀਆਂ ਚਲਾ ਕੇ ਇੱਕ-ਦੂਜੇ ਨੂੰ ਮਾਰ ਦਿੱਤਾ। ਫਿਰ ਕੁੱਝ ਸਮੇਂ ਬਾਅਦ ਕਹਾਣੀ ਬਦਲ ਦਿੱਤੀ ਗਈ ਅਤੇ ਕਿਹਾ ਗਿਆ ਕਿ ਇਸ ਮਾਮਲੇ ਦੇ ਮੁਲਜ਼ਮ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਪੁਲਸ ਇਹ ਵੀ ਨਹੀਂ ਕਹਿੰਦੀ ਕਿ ਮੁਕਾਬਲਾ ਹੋਇਆ, ਸਿੱਧਾ ਕਹਿੰਦੀ ਹੈ ਕਿ ਅਸੀਂ ਐਨਕਾਊਂਟਰ ਕਰ ਦਿੱਤਾ। ਖਹਿਰਾ ਨੇ ਕਿਹਾ ਕਿ ਇਹ ਤਰੀਕਾ ਕਾਨੂੰਨੀ ਪ੍ਰਣਾਲੀ ਅਤੇ ਨਿਆਂ ਦੇ ਅਸੂਲਾਂ ’ਤੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਜਿਸ ਨੌਜਵਾਨ ਰਣਜੀਤ ਸਿੰਘ ਨੂੰ ਮਾਰਿਆ, ਉਸ ਨੂੰ ਪਹਿਲਾਂ ਆਈ. ਐੱਸ. ਆਈ. ਦਾ ਏਜੰਟ ਦੱਸਿਆ ਗਿਆ। ਖਹਿਰਾ ਨੇ ਪੁੱਛਿਆ ਕਿ ਜੇਕਰ ਕੋਈ ਵਿਅਕਤੀ ਅੰਤਰਰਾਸ਼ਟਰੀ ਖ਼ੁਫੀਆ ਏਜੰਸੀ ਨਾਲ ਜੁੜਿਆ ਹੋਵੇ ਤਾਂ ਉਸ ਨੂੰ ਸਿਰਫ ਇੱਕ ਗੱਡੀ 'ਚ ਬਿਠਾ ਕੇ ਲਿਜਾਣਾ ਕਿਵੇਂ ਸੰਭਵ ਹੈ। ਉਨ੍ਹਾਂ ਦੇ ਅਨੁਸਾਰ ਪੁਲਸ ਨੇ ਦੱਸਿਆ ਕਿ ਤੜਕੇ ਤਿੰਨ ਵਜੇ ਉਸ ਨੂੰ ਹਥਿਆਰ ਬਰਾਮਦ ਕਰਨ ਲਈ ਲਿਜਾਇਆ ਜਾ ਰਿਹਾ ਸੀ ਅਤੇ ਇਸ ਦੌਰਾਨ ਗੱਡੀ ਉਲਟ ਗਈ। ਪੁਲਸ ਦੇ ਕਈ ਅਧਿਕਾਰੀਆਂ ਨੂੰ ਸੱਟਾਂ ਲੱਗੀਆਂ ਪਰ ਰਣਜੀਤ ਸਿੰਘ ਬਿਨਾਂ ਸੱਟ ਦੇ ਭੱਜ ਗਿਆ। ਖਹਿਰਾ ਨੇ ਕਿਹਾ ਕਿ ਇਹ ਕਹਾਣੀ ਆਪਣੇ ਆਪ 'ਚ ਸ਼ੱਕ ਪੈਦਾ ਕਰਦੀ ਹੈ।
ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਪਿਛਲੇ ਸਮੇਂ ਦੌਰਾਨ ਕਿਸਾਨਾਂ ਅਤੇ ਵਿਰੋਧੀ ਧਿਰ ਦੇ ਆਗੂਆਂ ਨਾਲ ਵੀ ਪੁਲਸ ਵੱਲੋਂ ਸਖ਼ਤ ਵਤੀਰਾ ਕੀਤਾ ਗਿਆ ਹੈ। ਖਹਿਰਾ ਦੇ ਅਨੁਸਾਰ ਕਈ ਮਾਮਲਿਆਂ 'ਚ ਲੋਕਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਉਣ ਅਤੇ ਵਿਰੋਧ ਕਰਨ ਵਾਲਿਆਂ ’ਤੇ ਮਾਮਲੇ ਦਰਜ ਕਰਨ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਖਹਿਰਾ ਨੇ ਕਿਹਾ ਕਿ ਇਹ ਹਾਲਾਤ ਲੋਕਤੰਤਰ ਲਈ ਖ਼ਤਰਨਾਕ ਹਨ ਅਤੇ ਜੇਕਰ ਇਸ ਤਰ੍ਹਾਂ ਦੀ ਪ੍ਰਵਿਰਤੀ ਜਾਰੀ ਰਹੀ ਤਾਂ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਰਹੇਗਾ। ਉਨ੍ਹਾਂ ਨੇ ਕਿਹਾ ਕਿ ਪੱਤਰਕਾਰਾਂ, ਵਿਰੋਧੀ ਧਿਰ ਦੇ ਆਗੂਆਂ ਅਤੇ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਅਖ਼ੀਰ 'ਚ ਖਹਿਰਾ ਨੇ ਮੰਗ ਕੀਤੀ ਕਿ ਸਾਰੇ ਕਥਿਤ ਪੁਲਸ ਮੁਕਾਬਲਿਆਂ ਦੀ ਜਾਂਚ ਨਿਰਪੱਖ ਤਰੀਕੇ ਨਾਲ ਕਰਵਾਈ ਜਾਵੇ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਹ ਜਾਂਚ ਜਾਂ ਤਾਂ ਸੀ. ਬੀ. ਆਈ. ਨੂੰ ਸੌਂਪੀ ਜਾਵੇ ਜਾਂ ਹਾਈਕੋਰਟ ਦੀ ਨਿਗਰਾਨੀ ਹੇਠ ਇੱਕ ਸੁਤੰਤਰ ਜਾਂਚ ਟੀਮ ਬਣਾਈ ਜਾਵੇ। ਖਹਿਰਾ ਨੇ ਕਿਹਾ ਕਿ ਰਣਜੀਤ ਸਿੰਘ ਸਮੇਤ ਜਿਨ੍ਹਾਂ 42 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੇਕਰ ਕੋਈ ਪੁਲਸ ਅਧਿਕਾਰੀ ਜਾਂ ਸਿਆਸੀ ਨੇਤਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਨੂੰ ਕਾਨੂੰਨ ਅਨੁਸਾਰ ਸਜ਼ਾ ਮਿਲਣੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com