'ਗੰਭੀਰ ਨਤੀਜੇ ਭੁਗਤਣੇ ਪੈਣਗੇ...', ਕੇਸ਼ਮ ਟਾਪੂ 'ਤੇ ਹਮਲੇ ਮਗਰੋਂ ਈਰਾਨੀ ਵਿਦੇਸ਼ ਮੰਤਰੀ ਦੀ US ਨੂੰ ਧਮਕੀ

'ਗੰਭੀਰ ਨਤੀਜੇ ਭੁਗਤਣੇ ਪੈਣਗੇ...', ਕੇਸ਼ਮ ਟਾਪੂ 'ਤੇ ਹਮਲੇ ਮਗਰੋਂ ਈਰਾਨੀ ਵਿਦੇਸ਼ ਮੰਤਰੀ ਦੀ US ਨੂੰ ਧਮਕੀ

ਵਾਸ਼ਿੰਗਟਨ/ਤੇਹਰਾਨ: ਅਮਰੀਕਾ ਤੇ ਈਰਾਨ ਵਿਚਾਲੇ ਚੱਲ ਰਿਹਾ ਟਕਰਾਅ ਇੱਕ ਬੇਹੱਦ ਖ਼ਤਰਨਾਕ ਮੋੜ 'ਤੇ ਪਹੁੰਚ ਗਿਆ ਹੈ। ਈਰਾਨ ਦੇ ਕੇਸ਼ਮ ਟਾਪੂ 'ਤੇ ਸਥਿਤ ਪੀਣ ਵਾਲੇ ਪਾਣੀ ਦੇ ਇੱਕ ਪਲਾਂਟ 'ਤੇ ਹੋਏ ਅਮਰੀਕੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਆਗੂਆਂ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ।

ਈਰਾਨ ਨੇ ਅਮਰੀਕੀ ਹਮਲੇ ਨੂੰ ਦੱਸਿਆ 'ਘਿਨਾਉਣਾ ਅਪਰਾਧ' 
ਈਰਾਨ ਦੇ ਵਿਦੇਸ਼ ਮੰਤਰੀ ਸੱਯਦ ਅੱਬਾਸ ਅਰਾਘਚੀ ਨੇ ਸ਼ਨੀਵਾਰ ਨੂੰ ਕੇਸ਼ਮ ਟਾਪੂ 'ਤੇ ਪਾਣੀ ਨੂੰ ਸਾਫ ਕਰਨ ਵਾਲੇ ਪਲਾਂਟ (Desalination Plant) 'ਤੇ ਹੋਏ ਅਮਰੀਕੀ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਇਕ ਪੋਸਟ ਵਿਚ ਇਸ ਨੂੰ 'ਸਪੱਸ਼ਟ ਅਤੇ ਨਿਰਾਸ਼ਾਜਨਕ ਅਪਰਾਧ' ਕਰਾਰ ਦਿੱਤਾ। ਅਰਾਘਚੀ ਨੇ ਚਿਤਾਵਨੀ ਦਿੱਤੀ ਕਿ ਅਮਰੀਕਾ ਨੇ ਈਰਾਨ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਇੱਕ ਖ਼ਤਰਨਾਕ ਮਿਸਾਲ ਕਾਇਮ ਕੀਤੀ ਹੈ, ਜਿਸ ਦੇ ਗੰਭੀਰ ਨਤੀਜੇ ਨਿਕਲਣਗੇ। ਇਸ ਹਮਲੇ ਕਾਰਨ ਇਲਾਕੇ ਦੇ 30 ਪਿੰਡਾਂ ਵਿੱਚ ਪਾਣੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਟਰੰਪ ਦਾ ਦਾਅਵਾ- ਈਰਾਨ ਨੇ ਗੋਡੇ ਟੇਕੇ 
ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਲਗਾਤਾਰ ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਕਾਰਨ ਈਰਾਨ ਨੇ ਆਤਮ-ਸਮਰਪਣ ਕਰ ਦਿੱਤਾ ਹੈ। ਟਰੰਪ ਨੇ 'ਟਰੂਥ ਸੋਸ਼ਲ' (Truth Social) 'ਤੇ ਲਿਖਿਆ ਕਿ ਈਰਾਨ ਨੇ ਆਪਣੇ ਗੁਆਂਢੀ ਦੇਸ਼ਾਂ ਤੋਂ ਮੁਆਫੀ ਮੰਗੀ ਹੈ ਅਤੇ ਵਾਅਦਾ ਕੀਤਾ ਹੈ ਕਿ ਉਹ ਹੁਣ ਉਨ੍ਹਾਂ 'ਤੇ ਹਮਲਾ ਨਹੀਂ ਕਰੇਗਾ। ਟਰੰਪ ਨੇ ਈਰਾਨ ਨੂੰ "ਮਿਡਲ ਈਸਟ 'ਚ ਹਾਰਿਆ ਹੋਇਆ" (THE LOSER OF THE MIDDLE EAST) ਕਰਾਰ ਦਿੰਦਿਆਂ ਕਿਹਾ ਕਿ ਉਹ ਉਦੋਂ ਤੱਕ ਇਸੇ ਹਾਲਤ ਵਿਚ ਰਹੇਗਾ ਜਦੋਂ ਤੱਕ ਉਹ ਪੂਰੀ ਤਰ੍ਹਾਂ ਢਹਿ-ਢੇਰੀ ਨਹੀਂ ਹੋ ਜਾਂਦਾ।

'ਪੂਰੀ ਤਬਾਹੀ' ਦੀ ਚਿਤਾਵਨੀ 
ਟਰੰਪ ਨੇ ਆਪਣੀ ਪੋਸਟ ਵਿੱਚ ਬੇਹੱਦ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਿਹਾ ਕਿ ਈਰਾਨ ਦੇ ਮਾੜੇ ਵਿਵਹਾਰ ਕਾਰਨ ਅਜਿਹੇ ਇਲਾਕਿਆਂ ਅਤੇ ਲੋਕਾਂ ਨੂੰ ਨਿਸ਼ਾਨਾ ਬਣਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਜੋ ਹੁਣ ਤੱਕ ਸੁਰੱਖਿਅਤ ਸਨ। ਉਨ੍ਹਾਂ ਨੇ 'ਪੂਰੀ ਤਬਾਹੀ ਅਤੇ ਨਿਸ਼ਚਿਤ ਮੌਤ' ਦੀ ਗੱਲ ਵੀ ਕਹੀ।

ਮਿਆਮੀ ਵਿੱਚ 'ਸ਼ੀਲਡ ਆਫ ਦਿ ਅਮੇਰਿਕਾਜ਼ ਸਮਿਟ' (Shield of the Americas Summit) ਦੌਰਾਨ ਟਰੰਪ ਨੇ ਆਪਣੀ ਰਣਨੀਤੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਈਰਾਨ ਪਿਛਲੇ 47 ਸਾਲਾਂ ਤੋਂ ਹਿੰਸਾ ਫੈਲਾ ਰਿਹਾ ਹੈ ਅਤੇ ਉਸ ਵਿਰੁੱਧ ਅਜਿਹੀ ਫੌਜੀ ਕਾਰਵਾਈ ਕਰਨੀ ਬਹੁਤ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਅਮਰੀਕੀ ਫੌਜ ਈਰਾਨ ਵਿਰੁੱਧ ਬਹੁਤ ਵਧੀਆ ਕੰਮ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 

Credit : www.jagbani.com

  • TODAY TOP NEWS