ਬਠਿੰਡਾ - ਨਿਰਮਾਣ ਕੰਮ ਨਾਲ ਜੁੜੇ ਲੋਕਾਂ ਲਈ ਇੰਨੀਂ ਦਿਨੀਂ ਹਾਲਾਤ ਲਗਾਤਾਰ ਮੁਸ਼ਕਲ ਹੁੰਦੇ ਜਾ ਰਹੇ ਹਨ। ਕੋਲੇ ਦੀਆਂ ਕੀਮਤਾਂ ਵਿਚ ਅਚਾਨਕ ਆਏ ਭਾਰੀ ਵਾਧੇ ਦਾ ਸਿੱਧਾ ਅਸਰ ਇੱਟ ਭੱਠਾ ਉਦਯੋਗ ’ਤੇ ਪਿਆ ਹੈ, ਜਿਸ ਕਾਰਨ ਇੱਟਾਂ ਦੇ ਰੇਟ ਤੇਜ਼ੀ ਨਾਲ ਵਧ ਗਏ ਹਨ। ਹਾਲਾਤ ਇਹ ਹਨ ਕਿ ਹੁਣ ਆਮ ਆਦਮੀ ਲਈ ਘਰ ਬਣਾਉਣਾ ਪਹਿਲਾਂ ਨਾਲੋਂ ਕਾਫੀ ਮਹਿੰਗਾ ਹੋ ਗਿਆ ਹੈ।
ਇੱਟ ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਜੇਕਰ ਕੋਲੇ ਦੀਆਂ ਕੀਮਤਾਂ ’ਤੇ ਜਲਦੀ ਕਾਬੂ ਨਾ ਪਾਇਆ ਗਿਆ ਤਾਂ ਪੰਜਾਬ ਦੇ ਹਜ਼ਾਰਾਂ ਭੱਠੇ ਬੰਦ ਹੋ ਸਕਦੇ ਹਨ। ਇਸ ਨਾਲ ਨਾ ਸਿਰਫ ਨਿਰਮਾਣ ਕੰਮ ਪ੍ਰਭਾਵਿਤ ਹੋਵੇਗਾ ਸਗੋਂ ਹਜ਼ਾਰਾਂ ਮਜ਼ਦੂਰਾਂ ਦੀ ਰੋਜ਼ੀ-ਰੋਟੀ ’ਤੇ ਵੀ ਸੰਕਟ ਖੜ੍ਹਾ ਹੋ ਸਕਦਾ ਹੈ।
ਇੱਟ ਭੱਠਾ ਉਦਯੋਗ ਦਾ ਮੁੱਖ ਆਧਾਰ ਕੋਲਾ ਹੈ। ਭੱਠਿਆਂ ਵਿਚ ਇੱਟਾਂ ਪਕਾਉਣ ਲਈ ਵੱਡੀ ਮਾਤਰਾ ਵਿਚ ਕੋਲੇ ਦੀ ਲੋੜ ਹੁੰਦੀ ਹੈ ਪਰ ਪਿਛਲੇ ਕੁਝ ਮਹੀਨਿਆਂ ਵਿਚ ਕੋਲੇ ਦੀਆਂ ਕੀਮਤਾਂ ਵਿਚ ਤੇਜ਼ ਉਛਾਲ ਆਇਆ ਹੈ। ਭੱਠਾ ਚਾਲਕਾਂ ਦੇ ਮੁਤਾਬਕ ਜਨਵਰੀ ਤੋਂ ਮਾਰਚ ਦਰਮਿਆਨ ਵਿਦੇਸ਼ੀ ਕੋਲੇ ਦੀ ਕੀਮਤ ਵਿਚ ਕਰੀਬ 10 ਫੀਸਦੀ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ।
ਕੋਲੇ ਦੀ ਕੀਮਤ ਵਧਣ ਕਾਰਨ ਇੱਟਾਂ ਦੇ ਉਤਪਾਦਨ ਦੀ ਲਾਗਤ ਕਾਫੀ ਵਧ ਗਈ ਹੈ। ਇਸਦਾ ਸਿੱਧਾ ਅਸਰ ਮਾਰਕੀਟ ਵਿਚ ਇੱਟਾਂ ਦੇ ਭਾਅ ’ਤੇ ਪਿਆ ਹੈ। ਜਿੱਥੇ ਜਨਵਰੀ ਮਹੀਨੇ ਵਿਚ ਇੱਟਾਂ ਦਾ ਰੇਟ ਲਗਭਗ 6000 ਰੁਪਏ ਪ੍ਰਤੀ ਹਜ਼ਾਰ ਇੱਟ ਸੀ, ਉੱਥੇ ਹੁਣ ਇਹ ਵਧ ਕੇ 7500 ਤੋਂ 8000 ਰੁਪਏ ਤਕ ਪਹੁੰਚ ਗਿਆ ਹੈ।
ਪੰਜਾਬ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਸੰਧੂ, ਜਨਰਲ ਸਕੱਤਰ ਸੁਭਾਸ਼ ਗੁਪਤਾ ਅਤੇ ਮੀਡੀਆ ਇੰਚਾਰਜ ਰਾਜਿੰਦਰ ਰਾਜੂ ਭੱਠੇ ਵਾਲੇ ਨੇ ਦੱਸਿਆ ਕਿ ਪੂਰੇ ਪੰਜਾਬ ਵਿਚ ਕਰੀਬ 3000 ਇੱਟ ਭੱਠੇ ਚੱਲ ਰਹੇ ਹਨ ਪਰ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਨ੍ਹਾਂ ਵਿਚੋਂ ਕਈ ਭੱਠੇ ਬੰਦ ਹੋਣ ਦੇ ਕਗਾਰ ’ਤੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਕੋਲੇ ਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਢੁੱਕਵੇਂ ਕਦਮ ਨਾ ਚੁੱਕੇ ਤਾਂ ਆਉਣ ਵਾਲੇ ਸਮੇਂ ਵਿਚ ਵੱਡੀ ਗਿਣਤੀ ਵਿਚ ਭੱਠਿਆਂ ਨੂੰ ਬੰਦ ਕਰਨਾ ਪੈ ਸਕਦਾ ਹੈ। ਇਸ ਨਾਲ ਨਿਰਮਾਣ ਕੰਮ ’ਤੇ ਵੱਡਾ ਅਸਰ ਪਵੇਗਾ ਅਤੇ ਰੋਜ਼ਗਾਰ ਦੇ ਮੌਕੇ ਵੀ ਘਟ ਜਾਣਗੇ।
ਬਠਿੰਡਾ ’ਚ 150 ਤੋਂ ਵੱਧ ਭੱਠਿਆਂ ’ਤੇ ਸੰਕਟ
ਭੱਠਾ ਉਦਯੋਗ ਨਾਲ ਜੁੜੇ ਰਾਜਿੰਦਰ ਰਾਜੂ ਦਾ ਕਹਿਣਾ ਹੈ ਕਿ ਇਕੱਲੇ ਬਠਿੰਡਾ ਜ਼ਿਲੇ ’ਚ ਹੀ 150 ਤੋਂ ਵੱਧ ਇੱਟ ਭੱਠੇ ਹਨ, ਜੋ ਇਸ ਸਮੇਂ ਭਾਰੀ ਆਰਥਿਕ ਦਬਾਅ ਹੇਠ ਕੰਮ ਕਰ ਰਹੇ ਹਨ। ਕਈ ਭੱਠਾ ਮਾਲਕਾਂ ਲਈ ਲਾਗਤ ਕੱਢਣਾ ਵੀ ਮੁਸ਼ਕਲ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਕਈ ਭੱਠਾ ਚਾਲਕ ਭੱਠੇ ਬੰਦ ਕਰਨ ਲਈ ਮਜਬੂਰ ਹੋ ਜਾਣਗੇ। ਇਸ ਨਾਲ ਜ਼ਿਲੇ ਵਿਚ ਨਿਰਮਾਣ ਕੰਮ ’ਤੇ ਵੱਡਾ ਅਸਰ ਪਵੇਗਾ ਅਤੇ ਇੱਟਾਂ ਦੀ ਉਪਲਬਧਤਾ ਵੀ ਘਟ ਸਕਦੀ ਹੈ।
ਭੱਠਾ ਚਾਲਕਾਂ ਦੇ ਅਨੁਸਾਰ ਸਿਰਫ ਕੋਲੇ ਦੀ ਕੀਮਤ ਹੀ ਨਹੀਂ ਵਧੀ, ਸਗੋਂ ਹੋਰ ਖਰਚਿਆਂ ਵਿਚ ਵੀ ਭਾਰੀ ਵਾਧਾ ਹੋਇਆ ਹੈ। ਜ਼ਮੀਨਾਂ ਦੇ ਰੇਟ ਲਗਾਤਾਰ ਵੱਧ ਰਹੇ ਹਨ, ਜਿਸ ਕਾਰਨ ਭੱਠੇ ਚਲਾਉਣਾ ਮਹਿੰਗਾ ਹੋ ਗਿਆ ਹੈ। ਇਸ ਤੋਂ ਇਲਾਵਾ ਮਿੱਟੀ ਦੀ ਉਪਲਬਧਤਾ ਵੀ ਪਹਿਲਾਂ ਵਰਗੀ ਨਹੀਂ ਰਹੀ, ਕਿਉਂਕਿ ਕਈ ਥਾਵਾਂ ’ਤੇ ਮਿੱਟੀ ਕੱਢਣ ’ਤੇ ਪਾਬੰਦੀਆਂ ਲੱਗੀਆਂ ਹੋਈਆਂ ਹਨ।
ਮਜ਼ਦੂਰੀ ਵੀ ਪਹਿਲਾਂ ਨਾਲੋਂ ਕਾਫੀ ਵਧ ਚੁੱਕੀ ਹੈ। ਭੱਠਿਆਂ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਮਜ਼ਦੂਰੀ ਵਧਣ ਨਾਲ ਉਤਪਾਦਨ ਲਾਗਤ ਹੋਰ ਵਧ ਗਈ ਹੈ। ਉੱਥੇ ਹੀ ਬਿਜਲੀ ਦੇ ਵਧਦੇ ਬਿੱਲਾਂ ਨੇ ਵੀ ਭੱਠਾ ਮਾਲਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਆਮ ਆਦਮੀ ਦੇ ਸੁਪਨਿਆਂ ’ਤੇ ਅਸਰ
ਇੱਟਾਂ ਦੇ ਰੇਟ ਵਧਣ ਦਾ ਸਭ ਤੋਂ ਵੱਡਾ ਅਸਰ ਆਮ ਲੋਕਾਂ ’ਤੇ ਪੈ ਰਿਹਾ ਹੈ। ਪਹਿਲਾਂ ਹੀ ਜ਼ਮੀਨਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ, ਅਜਿਹੇ ਵਿਚ ਘਰ ਬਣਾਉਣਾ ਕਈ ਲੋਕਾਂ ਲਈ ਮੁਸ਼ਕਲ ਹੋ ਚੁੱਕਾ ਹੈ। ਹੁਣ ਇੱਟਾਂ ਦੇ ਭਾਅ ਵਧਣ ਨਾਲ ਨਿਰਮਾਣ ਦੀ ਲਾਗਤ ਹੋਰ ਵਧ ਗਈ ਹੈ।
ਨਿਰਮਾਣ ਖੇਤਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਮਕਾਨ ਬਣਾਉਣ ਦੀ ਲਾਗਤ ਪਿਛਲੇ ਕੁਝ ਸਾਲਾਂ ਵਿਚ ਕਾਫੀ ਵਧ ਗਈ ਹੈ। ਸੀਮੈਂਟ, ਸਰਿਆ, ਰੇਤ ਅਤੇ ਹੁਣ ਇੱਟਾਂ ਦੇ ਭਾਅ ਵਧਣ ਨਾਲ ਆਮ ਪਰਿਵਾਰਾਂ ਦਾ ਘਰ ਬਣਾਉਣ ਦਾ ਸੁਪਨਾ ਟੁੱਟਦਾ ਨਜ਼ਰ ਆ ਰਿਹਾ ਹੈ।
ਰਾਜਿੰਦਰ ਰਾਜੂ ਨੇ ਦੱਸਿਆ ਕਿ ਇਕ ਸਮਾਂ ਅਜਿਹਾ ਵੀ ਸੀ ਜਦੋਂ ਇੱਟ ਭੱਠਾ ਉਦਯੋਗ ਸਮਾਜ ਵਿਚ ਕਾਫੀ ਮਾਣਯੋਗ ਮੰਨਿਆ ਜਾਂਦਾ ਸੀ। ਵੱਡੇ-ਵੱਡੇ ਪ੍ਰਭਾਵਸ਼ਾਲੀ ਲੋਕ ਇਸ ਕਾਰੋਬਾਰ ਨਾਲ ਜੁੜੇ ਹੁੰਦੇ ਸਨ ਅਤੇ ਭੱਠਾ ਮਾਲਕਾਂ ਨੂੰ ਸਮਾਜ ਵਿਚ ਇੱਜ਼ਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ ਪਰ ਹੁਣ ਹਾਲਾਤ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਵਧਦੀ ਲਾਗਤ, ਸਰਕਾਰੀ ਨਿਯਮਾਂ ਅਤੇ ਬਾਜ਼ਾਰ ਦੀਆਂ ਸਥਿਤੀਆਂ ਕਾਰਨ ਇਹ ਉਦਯੋਗ ਮੁਸ਼ਕਲ ਦੌਰ ਵਿਚੋਂ ਲੰਘ ਰਿਹਾ ਹੈ।
ਪੰਜਾਬ ਭੱਠਾ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਕੋਲੇ ਦੀਆਂ ਕੀਮਤਾਂ ਨੂੰ ਕਾਬੂ ਕੀਤਾ ਜਾਵੇ ਅਤੇ ਭੱਠਾ ਉਦਯੋਗ ਨੂੰ ਰਾਹਤ ਦੇਣ ਲਈ ਖਾਸ ਨੀਤੀ ਬਣਾਈ ਜਾਵੇ। ਚਾਲਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਦਖਲ ਨਾ ਦਿੱਤਾ ਤਾਂ ਇਹ ਉਦਯੋਗ ਹੌਲੀ-ਹੌਲੀ ਖਤਮ ਹੋ ਸਕਦਾ ਹੈ। ਇਸ ਨਾਲ ਨਾ ਸਿਰਫ ਨਿਰਮਾਣ ਖੇਤਰ ਪ੍ਰਭਾਵਿਤ ਹੋਵੇਗਾ ਸਗੋਂ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਵੀ ਖਤਰੇ ਵਿਚ ਪੈ ਸਕਦੀ ਹੈ। ਭੱਠਾ ਚਾਲਕਾਂ ਨੇ ਉਮੀਦ ਜਤਾਈ ਹੈ ਕਿ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦ ਹੱਲ ਕੱਢੇਗੀ, ਤਾਂ ਜੋ ਇਸ ਉਦਯੋਗ ਨੂੰ ਬਚਾਇਆ ਜਾ ਸਕੇ ਅਤੇ ਆਮ ਲੋਕਾਂ ਲਈ ਘਰ ਬਣਾਉਣਾ ਏਨਾ ਮਹਿੰਗਾ ਨਾ ਹੋਵੇ।
Credit : www.jagbani.com