ਮਾਛੀਵਾੜਾ ਸਾਹਿਬ (ਟੱਕਰ, ਜਗਰੂਪ)- ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਪੰਜਾਬ ਬਚਾਓ-ਸੁਖਬੀਰ ਬਾਦਲ ਲਿਆਓ’ ਵਿਧਾਨ ਸਭਾ ਹਲਕਾ ਸਾਹਨੇਵਾਲ ਦੀ ਇਕ ਰੈਲੀ ਕੂੰਮਕਲਾਂ ਅਨਾਜ ਮੰਡੀ ਵਿਖੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਕੀਤੀ ਗਈ, ਜਿਸ 'ਚ ਲੋਕਾਂ ਦਾ ਭਰਵਾਂ ਇਕੱਠ ਵੇਖਣ ਨੂੰ ਮਿਲਿਆ। ਇਸ ਮੌਕੇ ਮੋਗਾ ਵਿਖੇ ਭਾਜਪਾ ਦੀ ਰੈਲੀ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇਕੱਲੇ ਚੋਣ ਲੜਨ ਦੇ ਕੀਤੇ ਐਲਾਨ 'ਤੇ ਸੁਖਬੀਰ ਬਾਦਲ ਨੇ ਵੱਡਾ ਬਿਆਨ ਦਿੰਦੇ ਕਿਹਾ ਕਿ ਉਹ ਇਸ ਦਾ ਸਵਾਗਤ ਕਰਦੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ 92 ਸੀਟਾਂ ਨਾਲ ਜਿਤਾ ਸਕਦੇ ਹਨ ਤਾਂ ਇਸ ਵਾਰ ਸ਼੍ਰੋਮਣੀ ਅਕਾਲੀ ਇਕੱਲੇ ਲੋਕਾਂ ਦੇ ਭਰਵੇਂ ਸਮਰਥਨ ਸਦਕਾ 100 ਸੀਟਾਂ ’ਤੇ ਜਿੱਤ ਪ੍ਰਾਪਤ ਕਰਕੇ ਵਿਖਾਏਗਾ।

ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤੰਜ ਕੱਸਦੇ ਸੁਖਬੀਰ ਬਾਦਲ ਨੇ ਕਿਹਾ ਕਿ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਸੂਬੇ ਦੇ ਪੈਨਸ਼ਨਰਾਂ ਨੂੰ ਡੀ. ਏ. ਅਤੇ ਬਕਾਇਆ ਪੈਨਸ਼ਨ ਤੁਰੰਤ ਜਾਰੀ ਕੀਤੀ ਜਾਵੇ, ਜਿਸ ਦਾ ਉਹ ਸਵਾਗਤ ਕਰਦੇ ਹਨ। ਉਨ੍ਹਾਂ 'ਆਪ' ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇਆਸ਼ੀ ’ਤੇ ਖ਼ਰਚਣ ਦੀ ਬਜਾਏ ਪੈਨਸ਼ਨਰਾਂ ਨੂੰ ਤੁਰੰਤ ਇਹ ਰਾਸ਼ੀ ਜਾਰੀ ਕਰੇ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਕਰਜ਼ੇ ਵਿਚ ਡੋਬ ਦਿੱਤਾ ਹੈ, ਇਸ ਲਈ ਲੋਕ ਸੂਬੇ ਨੂੰ ਬਚਾਉਣ ਲਈ ਅਕਾਲੀ ਦਲ ਦੀ ਸਰਕਾਰ ਲਿਆਉਣ।
ਇਸ ਮੌਕੇ ਸਾਬਕਾ ਮੰਤਰੀ ਅਤੇ ਹਲਕਾ ਸਾਹਨੇਵਾਲ ਦੇ ਇੰਚਾਰਜ ਸ਼ਰਨਜੀਤ ਸਿੰਘ ਢਿੱਲੋਂ ਨੇ ਰੈਲੀ ਨੂੰ ਸੰਬੋਧਨ ਕਰਦੇ ਕਿਹਾ ਕਿ ਜੋ ਹਲਕੇ ਦਾ ਵਿਕਾਸ ਅਕਾਲੀ ਸਰਕਾਰ ਸਮੇਂ ਹੋਇਆ, ਜਿਸ ਵਿਚ ਮੱਤੇਵਾੜਾ ਪੁਲ, ਕੂੰਮਕਲਾਂ ਹਸਪਤਾਲ, ਨਵੀਆਂ ਸੜਕਾਂ ਦਾ ਨਿਰਮਾਣ, ਪਿੰਡਾਂ ਵਿਚ ਸੀਵਰੇਜ ਸਿਸਟਮ, ਸਾਹਨੇਵਾਲ ਦੇ ਰੇਲਵੇ ਪੁਲ ਅਤੇ ਹੋਰ ਵਿਕਾਸ ਦੇ ਕੰਮ ਕਰਵਾਏ ਹਨ ਜਿਸ ਨੂੰ ਲੋਕ ਯਾਦ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com