ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਪੁਰਾਣੇ ਯੂਰਪੀਅਨ ਸਹਿਯੋਗੀਆਂ ਵਿਚਕਾਰ ਤਣਾਅ ਹੁਣ ਸਿਖਰ 'ਤੇ ਪਹੁੰਚ ਗਿਆ ਹੈ। ਇਰਾਨ ਖ਼ਿਲਾਫ਼ ਜੰਗ ਵਿੱਚ ਫਰਾਂਸ ਵੱਲੋਂ ਸਿੱਧੇ ਇਨਕਾਰ ਕਰਨ ਤੋਂ ਬਾਅਦ, ਟਰੰਪ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ 'ਤੇ ਨਿੱਜੀ ਹਮਲਾ ਕਰਦਿਆਂ ਕਿਹਾ ਕਿ ਉਹ ਬਹੁਤ ਜਲਦ ਸੱਤਾ ਤੋਂ ਬਾਹਰ ਹੋਣ ਵਾਲੇ ਹਨ।
ਟਰੰਪ ਪ੍ਰਸ਼ਾਸਨ ਨੇ ਨਾਟੋ ਅਤੇ ਹੋਰ ਸਹਿਯੋਗੀ ਦੇਸ਼ਾਂ ਨੂੰ ਇਰਾਨ ਦੇ ਤੱਟ 'ਤੇ ਸਥਿਤ 'ਸਟ੍ਰੇਟ ਆਫ਼ ਹਾਰਮੁਜ਼' ਨੂੰ ਸੁਰੱਖਿਅਤ ਕਰਨ ਲਈ ਫੌਜੀ ਮਦਦ ਮੰਗੀ ਸੀ। ਪਰ ਫਰਾਂਸ ਸਮੇਤ ਜ਼ਿਆਦਾਤਰ ਦੇਸ਼ਾਂ ਨੇ ਇਸ ਅਮਰੀਕੀ-ਇਜ਼ਰਾਈਲ ਜੰਗ ਦਾ ਹਿੱਸਾ ਬਣਨ ਤੋਂ ਸਾਫ਼ ਨਾਂਹ ਕਰ ਦਿੱਤੀ ਹੈ।
ਜਦੋਂ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੇ ਕਿਹਾ ਕਿ ਫਰਾਂਸ ਇਸ ਜੰਗ ਦਾ ਹਿੱਸਾ ਨਹੀਂ ਹੈ ਅਤੇ ਉਹ 'ਸਟ੍ਰੇਟ ਆਫ਼ ਹਾਰਮੁਜ਼' ਨੂੰ ਖੋਲ੍ਹਣ ਲਈ ਕਿਸੇ ਵੀ ਫੌਜੀ ਕਾਰਵਾਈ ਵਿੱਚ ਹਿੱਸਾ ਨਹੀਂ ਲਵੇਗਾ, ਤਾਂ ਟਰੰਪ ਨੇ ਬੜੇ ਬੇਪਰਵਾਹ ਅੰਦਾਜ਼ ਵਿੱਚ ਜਵਾਬ ਦਿੱਤਾ- "ਖੈਰ, ਉਹ (ਮੈਕਰੋਂ) ਬਹੁਤ ਜਲਦ ਆਪਣੇ ਦਫਤਰ ਤੋਂ ਬਾਹਰ ਹੋ ਜਾਣਗੇ।" ਜ਼ਿਕਰਯੋਗ ਹੈ ਕਿ ਮੈਕਰੋਂ ਦਾ ਕਾਰਜਕਾਲ ਮਈ 2027 ਵਿੱਚ ਖਤਮ ਹੋਣਾ ਹੈ, ਪਰ ਟਰੰਪ ਨੇ ਇਸ ਬਿਆਨ ਰਾਹੀਂ ਮੈਕਰੋਂ ਦੀ ਸਿਆਸੀ ਸਥਿਤੀ 'ਤੇ ਸੱਟ ਮਾਰੀ ਹੈ।
ਸਿਰਫ਼ ਮੈਕਰੋਂ ਹੀ ਨਹੀਂ, ਟਰੰਪ ਨੇ ਕਈ ਹੋਰ ਦੇਸ਼ਾਂ ਦੇ ਆਗੂਆਂ 'ਤੇ ਵੀ ਭੜਾਸ ਕੱਢੀ। ਉਨ੍ਹਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ 'ਤੇ ਨਿਰਾਸ਼ਾ ਜਤਾਈ ਕਿਉਂਕਿ ਉਨ੍ਹਾਂ ਨੇ ਸ਼ੁਰੂ ਵਿੱਚ ਬ੍ਰਿਟਿਸ਼ ਹਵਾਈ ਅੱਡਿਆਂ ਦੀ ਵਰਤੋਂ ਕਰਨ ਤੋਂ ਅਮਰੀਕੀ ਫ਼ੌਜ ਨੂੰ ਰੋਕ ਦਿੱਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਆਇਰਲੈਂਡ ਦੀ ਰਾਸ਼ਟਰਪਤੀ ਕੈਥਰੀਨ ਕੋਨੋਲੀ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਹੈ। ਜਦੋਂ ਕੋਲੋਨੀ ਨੇ ਅਮਰੀਕੀ ਕਾਰਵਾਈ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਦੱਸਿਆ, ਤਾਂ ਟਰੰਪ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ, "ਉਹ ਖੁਸ਼ਕਿਸਮਤ ਹੈ ਕਿ ਮੈਂ (ਰਾਸ਼ਟਰਪਤੀ ਵਜੋਂ) ਮੌਜੂਦ ਹਾਂ।" ਟਰੰਪ ਨੇ ਨਾਟੋ ਨੂੰ ਵੀ "ਮੂਰਖਤਾ ਭਰੀ ਗਲਤੀ" ਕਰਨ ਵਾਲਾ ਸੰਗਠਨ ਦੱਸਿਆ ਅਤੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਨਾਟੋ ਤੋਂ ਬਾਹਰ ਨਿਕਲਣ ਬਾਰੇ ਵੀ ਸੋਚ ਸਕਦੇ ਹਨ।
ਟਰੰਪ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਸਹਿਯੋਗੀ ਦੇਸ਼ ਮਦਦ ਨਹੀਂ ਕਰਦਾ, ਤਾਂ ਵੀ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ, "ਸਾਨੂੰ ਅਸਲ ਵਿੱਚ ਕਿਸੇ ਦੀ ਮਦਦ ਦੀ ਲੋੜ ਨਹੀਂ ਹੈ।" ਇਸ ਦੌਰਾਨ ਅਮਰੀਕੀ ਫੌਜ ਨੇ ਇਰਾਨ ਦੇ ਮਿਜ਼ਾਈਲ ਟਿਕਾਣਿਆਂ 'ਤੇ 5,000 ਪੌਂਡ ਦੇ ਭਾਰੀ ਬੰਬਾਂ ਨਾਲ ਹਮਲਾ ਕਰਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਵੀ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com