ਸਮਾਣਾ: ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮਾਣਾ ਹਲਕੇ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਇੱਥੋਂ ਜਗਮੀਤ ਸਿੰਘ ਹਰਿਆਊ ਨੂੰ ਥਾਪੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਦੇ ਸਾਬਕਾ ਵਿਧਾਇਕ ਤੇ ਮੰਤਰੀ ਰਹਿ ਚੁੱਕੇ ਸੁਰਜੀਤ ਸਿੰਘ ਰੱਖੜਾ ਨੂੰ ਵੱਡਾ ਝਟਕਾ ਦਿੱਤਾ ਹੈ। ਸੁਖਬੀਰ ਨੇ ਰੱਖੜਾ ਦਾ ਨਾਂ ਲਏ ਬਿਨਾਂ ਇਸ਼ਾਰਿਆਂ-ਇਸ਼ਾਰਿਆਂ ਵਿਚ ਆਖਿਆ ਕਿ ਉਹ ਪਾਰਟੀ ਵਿਚ ਵਾਪਸ ਆਉਣ ਲਈ ਫ਼ੋਨ ਕਰ ਰਹੇ ਹਨ, ਪਰ ਹੁਣ ਜਗਮੀਤ ਸਿੰਘ ਹਰਿਆਊ ਹੀ ਇੱਥੋਂ ਅਕਾਲੀ ਦਲ ਦੇ ਉਮੀਦਵਾਰ ਹੋਣਗੇ।
ਸਮਾਣਾ ਵਿਖੇ 'ਪੰਜਾਬ ਬਚਾਓ ਰੈਲੀ' ਦੌਰਾਨ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਇੱਥੋਂ ਦੇ ਸਾਬਕਾ ਵਿਧਾਇਕ ਦਾ ਨਾਂ ਵੀ ਨਹੀਂ ਲੈਣਾ ਚਾਹੁੰਦੇ। ਉਸ ਨੂੰ ਵੱਡੀਆਂ-ਵੱਡੀਆਂ ਗੱਲਾਂ ਕਰਨ ਦੀ ਆਦਤ ਹੈ। ਉਸ ਨੇ ਹੜ੍ਹਾਂ ਵਿਚ ਵੀ 1500 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ, ਪਰ ਦਿੱਤੇ 5 ਹਜ਼ਾਰ ਰੁਪਏ ਵੀ ਨਹੀਂ। ਉਸ ਨੇ ਬਹੁਤ ਸਾਰੇ ਲੋਕਾਂ ਨਾਲ ਠੱਗੀਆਂ ਵੀ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਉਸ ਨੂੰ ਮੰਤਰੀ ਤਕ ਬਣਾ ਦਿੱਤਾ, ਪਰ ਉਹ ਫ਼ਿਰ ਵੀ ਆਪਣੀ ਪਾਰਟੀ ਦਾ ਵਫ਼ਾਦਾਰ ਨਹੀਂ ਰਿਹਾ ਤੇ ਜਿਹੜਾ ਆਪਣੀ ਪਾਰਟੀ ਦਾ ਵਫ਼ਾਦਾਰ ਨਹੀਂ, ਉਹ ਕਿਸਸੇ ਦਾ ਵਫ਼ਾਦਾਰ ਨਹੀਂ ਹੋ ਸਕਦਾ। ਸੁਖਬੀਰ ਨੇ ਆਖਿਆ ਕਿ ਉਹ ਹੁਣ ਪਾਰਟੀ ਵਿਚ ਵਾਪਸ ਆਉਣ ਲਈ ਫ਼ੋਨ ਕਰ ਰਿਹਾ ਹੈ ਤੇ ਇਲਾਕੇ ਵਿਚ ਬਹੁਤ ਸਾਰੀਆਂ ਅਫ਼ਵਾਹਾਂ ਵੀ ਫ਼ੈਲਾ ਰਿਹਾ ਹੈ, ਪਰ ਮੈਂ ਸਾਫ਼ ਕਕਰ ਦੇਵਾਂ ਕਿ ਜਗਮੀਤ ਸਿੰਘ ਹਰਿਆਊ ਹੀ ਸਮਾਣੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਹੈ ਤੇ ਇਹੀ ਅਗਲਾ ਵਿਧਾਇਕ ਵੀ ਹੋਵੇਗਾ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਗਮੀਤ ਸਿੰਗ ਹਰਿਆਊ ਦੀ ਬਜ਼ੁਰਗਾਂ ਵਿਚ ਵੀ ਬੜੀ ਸੇਵਾ ਭਾਵਨਾ ਸੀ। ਇਹ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਾਦਾਰ ਰਿਹਾ ਤੇ ਵੱਡੇ-ਵੱਡੇ ਤੁਫ਼ਾਨਾਂ ਵੇਲੇ ਵੀ ਬਾਦਲ ਪਰਿਵਾਰ ਦਾ ਸਾਥ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਕਈ ਲੋਕਾਂ ਨੂੰ ਲੱਗਦਾ ਸੀ ਕਿ ਹੁਣ ਅਕਾਲੀ ਦਲ ਖ਼ਤਮ ਹੋ ਜਾਵੇਗਾ, ਇਸ ਲਈ ਉਹ ਖਿਸਕ ਗਏ ਤੇ ਕੇਂਦਰ ਦੀਆਂ ਪਾਰਟੀਆਂ ਨਾਲ ਰਿਸ਼ਤਾ ਜੋੜਣ ਲੱਗ ਪਏ, ਉਹ ਲੋਕ ਭਾਜਪਾ ਦੇ ਹਥਿਆਰ ਬਣ ਗਏ। ਸੁਖਬੀਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੌਮ ਦੀ ਜਥੇਬੰਦੀ ਹੈ, ਇਹ ਕਦੇ ਵੀ ਖ਼ਤਮ ਨਹੀਂ ਹੋ ਸਕਦੀ।
Credit : www.jagbani.com