ਜਲੰਧਰ-ਜ਼ਿਲ੍ਹਾ ਜਲੰਧਰ ਦੇ ਆਦਮਪੁਰ ਦੋਆਬਾ ਵਿਧਾਨ ਸਭਾ ਹਲਕੇ ’ਚ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਹੈ, ਕਿਉਂਕਿ ਪਾਰਟੀ ਤੋਂ ਨਿਰਾਸ਼ ਚੱਲ ਰਹੇ ਕਈ ਵੱਡੇ ਆਗੂ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਮਨ ਬਣਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਜੁਆਇਨ ਕਰਵਾ ਸਕਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਸੁਖਬੀਰ ਵੀਰਵਾਰ ਨੂੰ ਜਲੰਧਰ ਆ ਰਹੇ ਹਨ, ਜੋਕਿ ਕੋਈ ਅਜਿਹਾ ਵੱਡਾ ਸਿਆਸੀ ਧਮਾਕਾ ਕਰਕੇ ਜਾਣਗੇ, ਜਿਸ ਨਾਲ ਆਮ ਆਦਮੀ ਪਾਰਟੀ ’ਚ ਕੁਝ ਹੀ ਸਮੇਂ ’ਚ ਵੱਡੀ ਖਲਬਲੀ ਮਚ ਜਾਵੇਗੀ।
'ਆਪ' ਦੇ ਜੋ ਆਗੂ ਪਾਰਟੀ ਨੂੰ ਅਲਵਿਦਾ ਕਹਿਣ ਜਾ ਰਹੇ ਹਨ, ਉਹ ਪਾਰਟੀ ਨਾਲ ਕਾਫ਼ੀ ਸਮੇਂ ਤੋਂ ਜੁੜੇ ਹੋਏ ਸਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਾਰਟੀ ਛੱਡਣ ਲਈ ਹਾਲਾਤ ਨੇ ਮਜਬੂਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਾ ਆਦਮਪੁਰ ਹਲਕੇ ਤੋਂ ਕੋਈ ਨਵਾਂ ਇੰਚਾਰਜ ਵੀ ਲਗਾਇਆ ਜਾ ਸਕਦਾ ਹੈ ਕਿਉਂਕਿ ਜੂਨ-2024 ’ਚ ਹੋਈਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਦਮਪੁਰ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਆਦਮਪੁਰ ਹਲਕੇ ’ਚ ਕੋਈ ਇੰਚਾਰਜ ਅਜੇ ਤੱਕ ਨਿਯੁਕਤ ਨਹੀਂ ਕੀਤਾ ਗਿਆ ਸੀ। ਹਲਕੇ ਦੇ ਟਕਸਾਲੀ ਅਕਾਲੀ ਆਗੂਆਂ ਵੱਲੋਂ ਵੀ ਲਗਾਤਾਰ ਇਸ ਦੀ ਮੰਗ ਕੀਤੀ ਜਾ ਰਹੀ ਸੀ।
ਪਹਿਲਾਂ ਲੱਗਦਾ ਸੀ ਕਿ ਮਹਿੰਦਰ ਸਿੰਘ ਕੇ. ਪੀ. (ਸਾਬਕਾ ਮੰਤਰੀ ਪੰਜਾਬ) ਆਦਮਪੁਰ ਹਲਕੇ ਦੇ ਇੰਚਾਰਜ ਲਗਾਏ ਜਾ ਸਕਦੇ ਹਨ ਪਰ ਉਨ੍ਹਾਂ ਨੂੰ ਪਾਰਟੀ ਨੇ ਹਲਕਾ ਕਰਤਾਰਪੁਰ ਦੀ ਕਮਾਨ ਸੌਂਪ ਦਿੱਤੀ ਹੈ। ਹੁਣ ਜੋ ਆਦਮਪੁਰ ਹਲਕੇ ’ਚ ਧਮਾਕਾ ਹੋਣ ਜਾ ਰਿਹਾ ਹੈ, ਉਸ ਨਾਲ 'ਆਪ' ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਦਮਪੁਰ ਹਲਕੇ ’ਚ ਮਜ਼ਬੂਤੀ ਮਿਲ ਸਕਦੀ ਹੈ ਕਿਉਂਕਿ ਆਦਮਪੁਰ ਹਲਕੇ ’ਚ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਪਕੜ ਬਹੁਤ ਮਜ਼ਬੂਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com