ਸਰਕਿਟ ਹਾਊਸ ਨੂੰ ਤਾਲੇ ਲਗਾਉਣ 'ਤੇ ਭੜਕੇ ਜਾਖੜ! ਕਿਹਾ-ਕੇਜਰੀਵਾਲ ਸਾਬ੍ਹ ਜਲਦ 'ਸ਼ੀਸ਼ ਮਹਿਲ' ਨੂੰ ਵੀ ਲੱਗਣਗੇ ਤਾਲੇ

ਸਰਕਿਟ ਹਾਊਸ ਨੂੰ ਤਾਲੇ ਲਗਾਉਣ 'ਤੇ ਭੜਕੇ ਜਾਖੜ! ਕਿਹਾ-ਕੇਜਰੀਵਾਲ ਸਾਬ੍ਹ ਜਲਦ 'ਸ਼ੀਸ਼ ਮਹਿਲ' ਨੂੰ ਵੀ ਲੱਗਣਗੇ ਤਾਲੇ

ਜਲੰਧਰ- ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਜਲੰਧਰ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਹਨ। ਜਾਖੜ ਨੇ ਸਰਕਾਰ ਨੂੰ 'ਨਕਲੀ ਇਨਕਲਾਬੀ' ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਇਹ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਾਮ ਬਦਨਾਮ ਕਰ ਰਹੀ ਹੈ ਅਤੇ ਲੋਕਤੰਤਰ ਦੀਆਂ ਜੜ੍ਹਾਂ ਵੱਢ ਰਹੀ ਹੈ।

ਸਰਕਿਟ ਹਾਊਸ ਨੂੰ ਤਾਲੇ ਲਗਾਉਣ 'ਤੇ ਭੜਕੇ 
ਜਾਖੜ ਸੁਨੀਲ ਜਾਖੜ ਨੇ ਦੱਸਿਆ ਕਿ ਸਰਕਾਰ ਨੇ ਆਪਣੀ ਨੀਅਤ ਦਾ ਪ੍ਰਗਟਾਵਾ ਕਰਦਿਆਂ ਸਰਕਿਟ ਹਾਊਸ ਨੂੰ ਤਾਲੇ ਲਗਾ ਦਿੱਤੇ ਤਾਂ ਜੋ ਭਾਜਪਾ ਆਗੂ ਉੱਥੇ ਮੀਟਿੰਗ ਨਾ ਕਰ ਸਕਣ। ਉਨ੍ਹਾਂ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਕਿਹਾ ਕਿ ਅੱਜ ਸਰਕਿਟ ਹਾਊਸ ਨੂੰ ਤਾਲੇ ਲੱਗੇ ਹਨ ਪਰ ਜਲਦੀ ਹੀ ਤੁਹਾਡੇ 'ਸ਼ੀਸ਼ ਮਹਿਲ' ਨੂੰ ਵੀ ਤਾਲੇ ਲੱਗਣ ਵਾਲੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸ਼ੀਸ਼ੇ ਦੇ ਘਰਾਂ 'ਚ ਰਹਿੰਦੇ ਹਨ, ਉਨ੍ਹਾਂ ਨੂੰ ਦੂਜਿਆਂ 'ਤੇ ਪੱਥਰ ਨਹੀਂ ਮਾਰਨੇ ਚਾਹੀਦੇ।

ਮੀਡੀਆ ਅਤੇ ਬੋਲਣ ਦੀ ਆਜ਼ਾਦੀ 'ਤੇ ਹਮਲਾ 
ਸੁਨੀਲ ਜਾਖੜ ਨੇ ਸਰਕਾਰ 'ਤੇ ਮੀਡੀਆ ਦੀ ਆਵਾਜ਼ ਦਬਾਉਣ ਦਾ ਗੰਭੀਰ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸਰਕਾਰ ਪੱਤਰਕਾਰਾਂ ਅਤੇ ਮੀਡੀਆ ਹਾਊਸਾਂ ਨੂੰ ਨਿਸ਼ਾਨਾ ਬਣਾ ਰਹੀ ਹੈ, ਜੋਕਿ ਲੋਕਤੰਤਰ ਦੇ ਚੌਥੇ ਥੰਮ੍ਹ 'ਤੇ ਹਮਲਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਜਪਾ ਆਗੂ ਕਿਸੇ ਘੁਟਾਲੇ ਕਰਕੇ ਨਹੀਂ ਸਗੋਂ 'ਰਾਈਟ ਟੂ ਵੋਇਸ' (ਬੋਲਣ ਦੇ ਅਧਿਕਾਰ) ਅਤੇ ਲੋਕਤੰਤਰ ਨੂੰ ਬਚਾਉਣ ਲਈ ਡਟੇ ਹੋਏ ਹਨ।

13 ਹਜ਼ਾਰ ਕਰੋੜ ਦੇ ਫੰਡਾਂ 'ਤੇ ਘੇਰੀ ਸਰਕਾਰ 
ਕੇਂਦਰੀ ਫੰਡਾਂ ਦੇ ਮੁੱਦੇ 'ਤੇ ਬੋਲਦਿਆਂ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਝੂਠ ਬੋਲਣ ਦਾ ਦੋਸ਼ੀ ਠਹਿਰਾਇਆ। ਉਨ੍ਹਾਂ ਦਾਅਵਾ ਕੀਤਾ ਕਿ ਇਕ ਪਾਸੇ ਸਰਕਾਰ ਕਹਿੰਦੀ ਹੈ ਕਿ ਕੇਂਦਰ ਪੈਸੇ ਨਹੀਂ ਦੇ ਰਿਹਾ ਪਰ ਦੂਜੇ ਪਾਸੇ ਮੁੱਖ ਮੰਤਰੀ ਖ਼ੁਦ 13 ਹਜ਼ਾਰ ਕਰੋੜ ਰੁਪਏ ਮਿਲਣ ਦੀ ਗੱਲ ਸਵੀਕਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਮਿਲ ਕੇ ਪੰਜਾਬ ਦਾ ਬੇੜਾ ਗਰਕ ਕਰ ਰਹੀਆਂ ਹਨ।

ਪ੍ਰਸ਼ਾਸਨ ਨੂੰ ਨਿਰਪੱਖ ਰਹਿਣ ਦੀ ਚਿਤਾਵਨੀ 
ਸੁਨੀਲ ਜਾਖੜ ਨੇ ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਕਿਸੇ ਸਿਆਸੀ ਦਬਾਅ ਹੇਠ ਨਾ ਆਉਣ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਵਫ਼ਾਦਾਰੀ ਸੰਵਿਧਾਨ ਪ੍ਰਤੀ ਹੋਣੀ ਚਾਹੀਦੀ ਹੈ ਕਿਉਂਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਪਰ ਪੰਜਾਬ ਨੇ ਇਥੇ ਹੀ ਰਹਿਣਾ ਹੈ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਆਗੂ ਮਨੋਰੰਜਨ ਕਾਲੀਆ, ਰਾਕੇਸ਼ ਰਠੌਰ, ਕੇ. ਡੀ. ਭੰਡਾਰੀ, ਸ਼ੀਤਲ ਅੰਗੂਰਾਲ ਅਤੇ ਹੋਰ ਸੀਨੀਅਰ ਭਾਜਪਾ ਆਗੂ ਮੌਜੂਦ ਸਨ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS