ਸੁਲਤਾਨਪੁਰ ਲੋਧੀ (ਜ. ਬ)- ਸੁਲਤਾਨਪੁਰ ਲੋਧੀ ਦੇ ਮੁਹੱਲਾ ਪੰਡੋਰੀ 'ਚ ਨਸ਼ੇ ਨੇ ਇਕ ਪਰਿਵਾਰ ਦੇ ਸਾਰੇ ਚਿਰਾਗ ਬੁਝਾ ਦਿੱਤੇ ਹਨ। ਬੀਤੇ ਦਿਨ ਪਰਿਵਾਰ ਦੇ ਪੰਜਵੇਂ ਅਤੇ ਆਖਰੀ ਪੁੱਤਰ ਸੋਨੂੰ ਦੀ ਮੌਤ ਹੋ ਗਈ ਸੀ। ਅੱਜ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਅੰਤਿਮ ਸੰਸਕਾਰ ਦੌਰਾਨ ਮਾਹੌਲ ਬਹੁਤ ਹੀ ਗ਼ਮਗੀਨ ਰਿਹਾ ਅਤੇ ਮ੍ਰਿਤਕ ਦੀ ਮਾਤਾ ਮਨਜੀਤ ਕੌਰ ਸਮੇਤ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਇਸ ਤੋਂ ਪਹਿਲਾਂ ਵੀ ਘਰ ਦੇ ਚਾਰ ਪੁੱਤਰ ਨਸ਼ੇ ਦੀ ਆਦਤ ਕਾਰਨ ਆਪਣੀ ਜਾਨ ਗਵਾ ਚੁੱਕੇ ਸਨ। ਹੁਣ ਪੰਜਵੇਂ ਪੁੱਤਰ ਦੀ ਮੌਤ ਨਾਲ ਇਹ ਪਰਿਵਾਰ ਪੂਰੀ ਤਰ੍ਹਾਂ ਉੱਜੜ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਨਜੀਤ ਕੌਰ ਦੀ ਰੋਂਦੀ ਹੋਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆਇਆ ਸੀ। ਪ੍ਰਸ਼ਾਸਨ ਵੱਲੋਂ ਸੋਨੂੰ ਨੂੰ ਤੁਰੰਤ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਅੰਮ੍ਰਿਤਸਰ ਵਿਖੇ ਉਸ ਦੀ ਮੌਤ ਹੋ ਗਈ। ਇਸ ਮਾਮਲੇ 'ਚ ਪੁਲਸ ਵੱਲੋਂ ਮੌਤਾਂ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਦੁਖ਼ੀ ਮਾਂ ਮਨਜੀਤ ਕੌਰ ਦਾ ਦਾਅਵਾ ਹੈ ਕਿ ਉਸ ਦੇ ਸਾਰੇ ਪੁੱਤਰਾਂ ਦੀ ਮੌਤ ਦਾ ਅਸਲ ਕਾਰਨ ਨਸ਼ਾ ਹੀ ਹੈ। ਇਸ ਮੌਕੇ 'ਤੇ ਮਾਂ ਨੇ ਮੁੱਖ ਮੰਤਰੀ ਕੋਲ ਅਪੀਲ ਕਰਦਿਆਂ ਆਪਣੀ ਨੂੰਹ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ, ਤਾਂ ਜੋ ਉਹ ਆਪਣੀ ਜ਼ਿੰਦਗੀ ਮੁੜ ਸੰਭਾਲ ਸਕੇ ਅਤੇ ਘਰ ਦਾ ਗੁਜ਼ਾਰਾ ਚੱਲ ਸਕੇ।

ਮਨਜੀਤ ਕੌਰ ਨੇ ਦਰਦ ਭਰੀ ਆਵਾਜ਼ 'ਚ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਕਿਸੇ ਮਾਂ ਨੂੰ ਇਸ ਤਰ੍ਹਾਂ ਦਾ ਦੁੱਖ਼ ਨਾ ਸਹਿਣਾ ਪਵੇ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਇਕ ਵਾਰ ਫਿਰ ਸਮਾਜ ਅਤੇ ਪ੍ਰਸ਼ਾਸਨ ਅੱਗੇ ਵੱਡਾ ਸਵਾਲ ਖੜ੍ਹਾ ਕਰਦੀ ਹੈ ਕਿ ਨਸ਼ੇ ਖ਼ਿਲਾਫ਼ ਜੰਗ ਕਿੰਨੀ ਗੰਭੀਰਤਾ ਨਾਲ ਲੜੀ ਜਾ ਰਹੀ ਹੈ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com